ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸ਼ਨ ਸਖਤ
ਕਪੂਰਥਲਾ, 4 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰੰਦੀਆਂ ਨੂੰ
ਜ਼ਮੀਨੀ ਪੱਧਰ ’ਤੇ ਲਾਗੂ ਕਰਕੇ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਤੇ ਐਸ.ਐਸ.ਪੀ ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ ਵਲੋਂ ਕਪੂਰਥਲਾ ਸ਼ਹਿਰ ਦਾ ਦੌਰਾ ਕੀਤਾ ਗਿਆ।
ਦੋਹਾਂ ਅਧਿਕਾਰੀਆਂ ਨੇ ਸਿਵਲ ਤੇ ਪੁਲਿਸ ਦੇ ਹੋਰਨਾਂ ਉਚ ਅਧਿਕਾਰੀਆਂ ਸਮੇਤ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰਾਂ, ਸਦਰ ਬਜ਼ਾਰ, ਸ਼ਹੀਦ ਭਗਤ ਸਿੰਘ ਚੌਕ, ਪੁਰਾਣੀ ਤੇ ਨਵੀਂ ਸਬਜ਼ੀ ਮੰਡੀ ਵਿਖੇ ਜਾ ਕੇ ਕੋਵਿਡ ਨਿਯਮਾਂ ਦੀ ਪਾਲਣਾ ਦਾ ਨਰੀਖਣ ਕੀਤਾ।
ਦੋਹਾਂ ਅਧਿਕਾਰੀਆਂ ਨੇ ਕਿਹਾ ਕਿ ‘ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਲਾਕਡਾਊਨ ਲਗਾਇਆ ਗਿਆ ਹੈ, ਜਿਸ ਦੌਰਾਨ ਵੀ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਚਾਲੂ ਰੱਖਣ ਦੀ ਵਿਵੱਸਥਾ ਕੀਤੀ ਗਈ ਹੈ, ਇਸ ਲਈ ਲੋਕ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿਚ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨ, ਆੜ੍ਹਤੀਏ, ਦੁਕਾਨਦਾਰ ਤੇ ਖਰੀਦਦਾਰ ਮਾਸਕ ਲਾਉਣਾ, ਦੂਰੀ ਬਣਾ ਕੇ ਰੱਖਣਾ, ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ।
ਐ ਸ.ਐਸ.ਪੀ ਕਪੂਰਥਲਾ ਵਲੋਂ ਮੌਕੇ ’ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਹੋਰਨਾਂ ਦੇ 20 ਤੋਂ ਜਿਆਦਾ ਚਾਲਾਨ ਕਰਵਾਏ ਗਏ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੇਹੜੀਆਂ ਵਾਲਿਆਂ ਦੇ ਆਰ.ਟੀ ਪੀ.ਸੀ.ਆਰ ਟੈਸਟ ਵੀ ਕੀਤੇ ਗਏ ਤੇ ਉਨ੍ਹਾਂ ਨੂੰ ਕੋਵਿਡ ਨਿਯਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ ਸੁਰਿੰਦਰ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media