ਕਿਹਾ, ਕਰੋਨਾ ਜੰਗ ਜਿੱਤੇ ਮਰੀਜ਼ ਪਲਸ ਆਕਸੀਮੀਟਰ ਵਾਪਸ ਕਰਕੇ ਸਹਿਯੋਗ ਕਰਨ
ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਸੰਗਰੂਰ ’ਚ ਕੋਵਿਡ-19 ਦੀ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਮਰੀਜ਼
ਆਪਣੀ ਨੇੜਲੀ ਡਿਸਪੈਂਸਰੀ, ਹਸਪਤਾਲ ਵਿਚ ਪਲਸ ਆਕਸਮੀਟਰ ਜਮਾਂ ਕਰਵਾ ਕੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਸੰਗਰੂਰ ਯਸ਼ਪਾਲ ਸਰਮਾ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਆਕਸੀਮੀਟਰ ਦੀ ਆਈ ਘਾਟ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਅਪੀਲ ਕਰਦਿਆਂ ਕੀਤਾ।
ਸ਼ਰਮਾ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਪਾਜ਼ਟਿਵ ਆਏ ਮਰੀਜ਼ਾਂ ਨੂੰ ਹੋਮਆਈਸੋਲੇਸ਼ਨ ’ਚ ਮਿਸ਼ਨ ਫਤਹਿ ਕਿੱਟਾਂ ਮੁੱਹਈਆ ਕਰਵਾਈਆਂ ਗਈਆ ਸਨ, ਇਨ੍ਹਾਂ ਕਿੱਟਾਂ ਵਿੱਚ ਪਲਸ ਆਕਸੀਮੀਟਰ, ਸਟੀਮਰ, ਡਿਜ਼ੀਟਲ ਥਰਮਾਮੀਟਰ, ਦਵਾਈਆਂ, ਮਾਸਕ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਦਵਾਈਆਂ ਤੇ ਇਲਾਜ਼ ਨਾਲ ਸਬੰਧਤ ਹੋਰ ਜਾਗਰੂਕਤਾ ਸਮੱਗਰੀ ਉਪਲੱਬਧ ਸੀ।ਪੰਜਾਬ ਸਰਕਾਰ ਵਲੋਂ ਹੁਣ ਤੱਕ ਰਾਜ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਪਲਸ ਆਕਸੀਮੀਟਰ ਵੰਡੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਕੋਵਿਡ ਪਾਜ਼ਟਿਵ ਮਰੀਜ਼ਾਂ ਨੂੰ ਹੁਣ ਵੀ ਫਤਹਿ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ, ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀ ਔਖੀ ਘੜੀ ’ਚ ਇਕ ਦੂਜੇ ਦੇ ਕੰਮ ਆਉਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਠੀਕ ਹੋ ਗਏ ਵਿਅਕਤੀ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਐਸ.ਡੀ.ਐਮ ਦਫ਼ਤਰ ਸੰਗਰੂਰ ਵਿਖੇ ਤਾਇਨਾਤ ਨੋਡਲ ਅਫ਼ਸਰ ਪੁਸ਼ਪਿੰਦਰ ਰਤਨ ਨਾਲ ਮੋਬਾਇਲ ਨੰਬਰ 99880-00169 ’ਤੇ ਰਾਬਤਾ ਕਰਕੇ ਵੀ ਪਲਸ ਆਕਸੀਮੀਟਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਲੋਕਾਂ ਨੂੰ ਦਿੱਤਾ ਜਾ ਸਕੇ।
Punjab Post Daily Online Newspaper & Print Media