ਨਵਾਂਸ਼ਹਿਰ, 19 ਮਈ (ਪੰਜਾਬ ਪੋਸਟ ਬਿਊਰੋ) – ਨਵਾਂਸ਼ਹਿਰ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਔੜ ਬਲਾਕ ਦੇ
ਪਿੰਡ ਉੜਾਪੜ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਪਹੁੰਚੇੇ ਵਿਧਾਇਕ ਅੰਗਦ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਲ ਖੋਲ੍ਹ ਕੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਕੋਵਿਡ ਮਹਾਮਾਰੀ ਦੇ ਬਾਵਜ਼ੂਦ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।
ਇਸੇ ਦੌਰਾਨ ਉਨ੍ਹਾਂ ਪਿੰਡ ਵਿਚ ਕਰੀਬ 28 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ਵਿਚ ਸਾਲਿਡ ਵੇਸਟ ਮੈਨੇਜਮੈਂਟ, ਸਟੇਡੀਅਮ, ਸ਼ਮਸ਼ਾਨਘਾਟ ਦੇ ਸਿਟਿੰਗ ਸ਼ੈਡ, ਸੋਲਰ ਲਾਈਟਾਂ, ਧਰਮਸ਼ਾਲਾ, ਕਮਿਊਨਿਟੀ ਸੈਂਟਰ, ਜਿਮਨੇਜੀਅਮ, ਛੱਪੜ ਦੇ ਨਵੀਨੀਕਰਨ, ਗੰਦੇ ਪਾਣੀ ਦੇ ਨਿਕਾਸ, ਵਾਟਰ ਰਿਚਾਰਜ ਸਟਰੱਕਚਰ ਤੇ ਸੋਕ ਪਿੱਟ, ਬਰਮ, ਪਾਰਕ ਤੇ ਪਲੇਅ ਫੀਲਡ ਦੀ ਉਸਾਰੀ, ਰੂਰਲ ਕੁਨੈਕਟਿਵਟੀ ਅਤੇ ਕੈਟਲ ਸ਼ੈਡਾਂ ਆਦਿ ਦੇ ਕੰਮ ਸ਼ਾਮਲ ਸਨ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਤਾਕੀਦ ਕੀਤੀ ਕਿ ਪਿੰਡ ਵਿਚ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਦੀ ਉਹ ਖ਼ੁਦ ਨਿਗਰਾਨੀ ਕਰੇ, ਤਾਂ ਜੋ ਕੰਮਾਂ ਦੇ ਮਿਆਰ ਵਿਚ ਕੋਈ ਕਮੀ ਨਾ ਰਹੇ।
ਇਸ ਮੌਕੇ ਬੀ.ਡੀ.ਪੀ.ਓ ਰਾਜੇਸ਼ ਚੱਢਾ, ਬਲਾਕ ਸੰਮਤੀ ਮੈਂਬਰ ਗੁਰਨਾਮ ਸਿੰਘ ਤੇ ਗਿਆਨੀ ਜਗਦੀਸ਼ ਸਿੰਘ, ਸਕੱਤਰ ਰਾਕੇਸ਼, ਸਰਪੰਚ ਸੁਰਿੰਦਰ ਸਿੰਘ, ਪੰਚ ਜਸਵੀਰ ਕੌਰ, ਜੇ.ਈ ਪਰਮਿੰਦਰ ਸਿੰਘ, ਜੀ.ਆਰ.ਐਸ ਗੁਰਦੀਪ, ਹਰਪ੍ਰੀਤ ਹੈਪੀ ਹਾਜ਼ਰ ਸਨ।
Check Also
ਰਿੰਟੂ ਨੇ ਲਾਰੈਂਸ ਰੋਡ ‘ਤੇ ਬੀਬੀਕੇ ਡੀਏਵੀ ਕਾਲਜ ਦੇ ਸਾਹਮਣੇ ਨਵੀਂ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ …
Punjab Post Daily Online Newspaper & Print Media