ਚੇਅਰਮੈਨ ਮੋਹਨ ਲਾਲ ਸੂਦ ਨੇ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ
ਨਵਾਂਸ਼ਹਿਰ, 27 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨੁਸੂਚਿਤ ਜਾਤੀਆਂ ਭੌਂਅ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਬੰਗਾ ਤਹਿਸੀਲ ਦੇ ਪਿੰਡ ਮਜਾਰੀ ਅਤੇ ਢਾਹਾਂ ਦੇ ਨਿਵਾਸੀਆਂ ਦੀ ਨੈਸ਼ਨਲ ਹਾਈਵੇਅ ਵਿੱਚ ਆਈ ਜਾਇਦਾਦ ਦਾ ਮੁਆਵਜ਼ਾ ਨਾ ਮਿਲਣ ਦਾ ਮਸਲਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਇਦਾਦ ਮਾਲਕਾਂ ਦੀਆਂ ਦੁਕਾਨਾਂ, ਪੈਟਰੋਲ ਪੰਪ, ਮਕਾਨ ਆਦਿ ਇਕੋ ਖਸਰੇ ਵਿਚ ਪੈਂਦੀਆਂ ਹੋਣ ਕਾਰਨ ਉਨ੍ਹਾਂ ਨੂੰ ਮੁਆਵਜ਼ਾ ਦੇਣ ਵਿਚ ਦਿੱਕਤ ਪੇਸ਼ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਸਟਰੱਕਚਰਾਂ ਦੇ ਮਲਬੇ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ ਹੈ,ਪ੍ਰ੍ਰੰਤੂ ਜਿਸ ਜਗ੍ਹਾ ‘ਤੇ ਮਕਾਨ ਆਦਿ ਦੇ ਮਲਬੇ ਦੀ ਕੰਪਨਸੇਸ਼ਨ ਦਿੱਤੀ ਗਈ ਸੀ, ਉਸ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਮਾਲ ਵਿਭਾਗ ਵੱਲੋਂ ਦਰੁਸਤੀ ਕਰਵਾ ਕੇ ਸਬੰਧਤ ਵਿਅਕਤੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।ਇਸੇ ਤਰ੍ਹਾਂ ਉਨ੍ਹਾਂ ਬੰਗਾ ਵਿਚ ਨੈਸ਼ਨਲ ਹਾਈਵੇਅ ਵਿਚ ਆਏ ਲਾਲ ਲਕੀਰ ਦੇ ਤੋੜੇ ਗਏ ਮਕਾਨਾਂ ਲਈ ਵੀ ਮੁਆਵਜ਼ੇ ਦੀ ਮੰਗ ਉਠਾਈ।
ਇਸ ਤੋਂ ਇਲਾਵਾ ਉਨ੍ਹਾਂ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ ’ਤੇ ਵਾਰ-ਵਾਰ ਹੋ ਰਹੇ ਹਾਦਸਿਆਂ ਸਬੰਧੀ ਸੁਝਾਅ ਦਿੱਤਾ ਕਿ ਇਸ ਇਸ ਹਾਦਸਾ ਪਰੋਨ ਏਰੀਏ ਸਬੰਧੀ ਮਾਹਿਰਾਂ ਤੋਂ ਸੁਝਾਅ ਲੈ ਕੇ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਮੀਟਿੰਗ ਕੀਤੀ ਜਾਵੇ ਅਤੇ ਇਸ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਰਾਹੀਂ ਕੇਸ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਢਾਹਾਂ ਕਲੇਰਾਂ ਜੰਕਸ਼ਨ ਵੀ ਹਾਦਸਾ ਪਰੋਨ ਏਰੀਆ ਹੈ ਅਤੇ ਉਸ ਵਿਚ ਵੀ ਲੋੜੀਂਦੇ ਸੁਧਾਰ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੌਕੇ ’ਤੇ ਹੀ ਐਸ.ਡੀ.ਐਮ ਬੰਗਾ ਨੂੰ ਫੋਨ ਕਰ ਕੇ ਸਬੰਧਤ ਮੁੱਦਿਆਂ ਦੇ ਯੋਗ ਹੱਲ ਲਈ ਨਿਰਦੇਸ਼ ਦਿੱਤੇ।
Punjab Post Daily Online Newspaper & Print Media