ਸੰਗਰੂਰ, 27 ਮਈ (ਜਗਸੀਰ ਲੌਂਗੋਵਾਲ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ (80) ਦੇ ਅਕਾਲ ਚਲਾਣਾ
ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗਿਆਨੀ ਭਗਵਾਨ ਸਿੰਘ ਦੇ ਚਲਾਣੇ ਨਾਲ ਸਿੱਖ ਪੰਥ ਇੱਕ ਹੋਰ ਧਾਰਮਿਕ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ।ਉਨ੍ਹਾਂ ਗਿਆਨੀ ਭਗਵਾਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਗਿਆਨੀ ਭਗਵਾਨ ਸਿੰਘ ਦੇ ਚਲਾਣੇ ’ਤੇ ਸਿੰਘ ਸਾਹਿਬ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਦੱਸਣਯੋਗ ਹੈ ਕਿ ਗਿਆਨੀ ਭਗਵਾਨ ਸਿੰਘ 1975 ਵਿੱਚ ਸ਼੍ਰੋਮਣੀ ਕਮੇਟੀ ਵਿਖੇ ਪੰਜ ਪਿਆਰਿਆਂ ਦੇ ਜਥੇ ਵਿੱਚ ਸੇਵਾ ’ਤੇ ਆਏ ਸਨ।ਜਿਸ ਮਗਰੋਂ ਉਨ੍ਹਾਂ 1985 ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਾਲ ਗ੍ਰੰਥੀ ਵਜੋਂ ਸੇਵਾਵਾਂ ਨਿਭਾਈਆਂ ਅਤੇ 1990 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਬਣੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media