ਅੰਮ੍ਰਿਤਸਰ, 4 ਜੂਨ (ਗੁਰਪ੍ਰੀਤ ਸਿੰਘ) – ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ੍ਰੀ ਅੰਮ੍ਰਿਤਸਰ ਦੀ ਜ਼ਰੂਰੀ ਇਕੱਤਰਤਾ ਭਾਈ ਗੁਰਦਾਸ ਹਾਲ ਵਿਖੇ ਹੋਈ।ਢਾਡੀ ਸਭਾ ਦੇ
ਪ੍ਰਧਾਨ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਵਲੋਂ ਘਰੇਲੂ ਕਾਰਨਾਂ ਕਰਕੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਸੌਂਪਿਆ ਗਿਆ।ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਗਿਆਨੀ ਕੇਵਲ ਸਿੰਘ ਕਲੰਜ਼ਰ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਲਾਧੂਭਾਣਾ ਨੂੰ ਕਾਰਜਕਾਰੀ ਪ੍ਰਧਾਨ, ਬਲਦੇਵ ਸਿੰਘ ਬਲੱਗਣ ਨੂੰ ਜਨਰਲ ਸਕੱਤਰ ਅਤੇ ਗਿਆਨੀ ਜਰਨੈਲ ਸਿੰਘ ਖੁੱਡਾ ਨੂੰ ਚੇਅਰਮੈਨ ਚੁਣਿਆ ਗਿਆ।ਹੋਰ ਅਹੁਦੇਦਾਰਾਂ ‘ਚ ਗੁਰਮੇਜ ਸਿੰਘ ਬੀ.ਏ ਸਭਾ ਦੇ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਅਮਰਕੋਟ, ਦੇਸਾ ਸਿੰਘ ਦਲੇਰ, ਸੁਖਬੀਰ ਸਿੰਘ ਸਾਗਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਭਾਗੋਵਾਲ ਖ਼ਜ਼ਾਨਚੀ, ਸਰਬਜੀਤ ਸਿੰਘ ਐਮ.ਏ ਪ੍ਰੈਸ ਸਕੱਤਰ ਤੇ ਗੁਰਮੀਤ ਸਿੰਘ ਐਮ.ਏ ਅਤੇ ਰਜਿੰਦਰ ਸਿੰਘ ਸਭਰਾ ਮੈਂਬਰ ਚੁਣੇ ਗਏ।
ਸ਼੍ਰੋਮਣੀ ਢਾਡੀ ਸਭਾ ਦੇ ਅਹੁੱਦੇਦਾਰਾਂ ਦੀ ਚੋਣ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਗ੍ਰੰਥੀ ਸਿੰਘ, ਰਾਗੀ ਅਤੇ ਢਾਡੀ ਕਵੀਸ਼ਰ ਅਤੇ ਪ੍ਰਚਾਰਕ ਜੋ ਦਾੜ੍ਹੀ ਰੰਗਦੇ ਹਨ, ਉਹ ਗੁਰਮਤਿ ਦੇ ਉਲਟ ਅਤੇ ਨਿਖੇਧੀਯੋਗ ਕਾਰ ਹੈ। ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੀ ਨਿਸ਼ਾਨਦੇਹੀ ਕਰਦਿਆਂ ਪੰਥਕ ਰਹਿਤ ਮਰਯਾਦਾ ਅਨੁਸਾਰ ਕਾਰਵਾਈ ਕਰਦਿਆਂ ਇਸ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਸਿਆ ਸੰਗਰਾਂਦ ਵਾਲੇ ਦਿਨ ਸਜਾਏ ਜਾਂਦੇ ਦੀਵਾਨ ‘ਚ ਪਹਿਲਾਂ 15 ਤੋਂ 20 ਜਥੇ ਹਾਜ਼ਰੀ ਭਰਿਆ ਕਰਦੇ ਸੀ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਕੁੱਝ ਸਹਾਇਤਾ ਅਤੇ ਭੇਟਾ ਪਹਿਲਾਂ ਦਿੱਤੀ ਜਾਂਦੀ ਸੀ, ਉਹ ਰਾਸ਼ੀ ਜਥਿਆਂ ਨੂੰ ਹੁਣ ਨਹੀਂ ਮਿਲ ਰਹੀ, ਉਸ ਬਾਰੇ ਸ਼੍ਰੋਮਣੀ ਕਮੇਟੀ ਪੜਤਾਲ ਕਰੇ ਕਿ ਉਹ ਰਾਸ਼ੀ ਕਿਥੇ ਜਾ ਰਹੀ ਹੈ।ਉਨ੍ਹਾਂ ਢਾਡੀ ਸਭਾਵਾਂ ਦੇ ਮਾਮਲਿਆਂ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਤਿੰਨ ਮੈਂਬਰੀ ਸਭ ਕਮੇਟੀ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਹੈ।
ਇਸੇ ਦੌਰਾਨ ਗਿਆਨੀ ਕੇਵਲ ਸਿੰਘ ਕਲੰਜਰ ਅਤੇ ਗਿਆਨੀ ਕੁਲਵਿੰਦਰ ਸਿੰਘ ਲਾਧੂਭਾਣਾ ਨੇ ਕਿਹਾ ਕਿ ਉਹ ਸਭਾ ਵਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕੌਮ ਦੀ ਚੜ੍ਹਦੀ ਕਲਾ ਕਾਰਜ਼ ਕਰਦੇ ਰਹਿਣਗੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media