ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵਲੋਂ ਸਕੂਲ ਸਿੱਖਿਆ ਦੇ ਖੇਤਰ ‘ਚ ਕੀਤੀ ਗਈ ਤਾਜ਼ਾ ਦਰਜ਼ਾਬੰਦੀ (ਪਰਫਾਰਮੈਂਸ ਗਰੇਡਿੰਗ
ਇੰਡੈਕਸ) ਤਹਿਤ ਦੇਸ਼ ਭਰ ‘ਚੋਂ ਪੰਜਾਬ ਵਲੋਂ ਪਹਿਲਾ ਸਥਾਨ ਹਾਸਿਲ ਕਰਨ ਨਾਲ ਵਿੱਦਿਅਕ ਹਲਕਿਆਂ ‘ਚ ਖੁਸ਼ੀ ਹੈ।ਇਸ ਵੱਡੀ ਪ੍ਰਾਪਤੀ ਨਾਲ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨਾਲ ਜੁੜਿਆ ਹਰ ਸ਼ਖਸ਼ ਮਾਣ ਮਹਿਸੂਸ ਕਰਨ ਲੱਗਾ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਿੱਛਲੇ ਕੁੱਝ ਸਾਲਾਂ ਤੋਂ ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਬਦੌਲਤ ਪੰਜਾਬ ਦੇਸ਼ ਭਰ ‘ਚੋਂ ਪਹਿਲੇ ਸਥਾਨ ‘ਤੇ ਆਇਆ ਹੈ।
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਬਲਦੇਵ ਰਾਜ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਜਨਾਬੰਦੀ, ਸਕੂਲ ਮੁਖੀਆਂ ਦੀ ਵਧੀਆ ਅਗਵਾਈ ਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਪੰਜਾਬ ਨੂੰ ਇਹ ਕੌਮੀ ਪੱਧਰ ਦੀ ਪ੍ਰਾਪਤੀ ਹੋਈ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਰਾਜ ਦੇ ਸਕੂਲੀ ਢਾਂਚੇ ‘ਚ ਆਏ ਬਦਲਾਅ ‘ਤੇ ਮੋਹਰ ਲਗਾ ਦਿੱਤੀ ਗਈ ਹੈ।
ਪੰਜਾਬ ਦੇ ਅੱਵਲ ਨੰਬਰ ਸਕੂਲ ਦਾ ਖਿਤਾਬ ਜੇਤੂ ਸਰਕਾਰੀ ਮਿਡਲ ਸਕੂਲ ਜਸਵਾਲੀ ਇੰਚਾਰਜ਼ ਕਿਰਨ ਬਾਲਾ, ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜ਼ਰਾਂ ਦੇ ਇੰਚਾਰਜ਼ ਸੁਸ਼ੀਲ ਕੁਮਾਰ, ਸਰਕਾਰੀ ਹਾਈ ਸਕੂਲ ਥਰਿਆਲ ਦੀ ਹੈਡਮਿਸਟਰੇਸ ਸੁਮਨ ਬਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦੇ ਪ੍ਰਿੰਸੀਪਲ ਕਮ ਬੀ.ਐਨ.ਓ ਬਮਿਆਲ ਰਮੇਸ਼ ਕੁਮਾਰ ਕਹਿਣਾ ਹੈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਪੰਜਾਬ ਦੇ ਸਕੂਲੀ ਢਾਂਚੇ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆ ਨਾਲ ਪੰਜਾਬ ਦਾ ਵਿੱਦਿਅਕ ਖੇਤਰ ‘ਚ ਸਿਰ ਉਚਾ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ‘ਚ ਰਾਜ ਦਾ ਵਿੱਦਿਅਕ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ਨਾਲ, ਹੋਰ ਜੋਸ਼ ਪੈਦਾ ਹੋ ਗਿਆ ਹੈ।
ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਦਾ ਕਹਿਣਾ ਹੈ ਕਿ ਅਧਿਆਪਕ ਵਰਗ ਦੀ ਮਿਹਨਤ ਨਾਲ ਪੰਜਾਬ ਦਾ ਦੇਸ਼ ਭਰ ‘ਚੋਂ ਮੋਹਰੀ ਸੂਬਾ ਬਣਨਾ ਸਿੱਖਿਆ ਵਿਭਾਗ ਨਾਲ ਜੁੜੇ ਹਰ ਸਖਸ਼ ਲਈ ਵੱਡਾ ਪੁਰਸਕਾਰ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media