6 ਬੱਚੇ ਚਿਤਾਵਨੀ ਦੇ ਕੇ ਕੀਤੇ ਮਾਪਿਆਂ ਹਵਾਲੇ, 2 ਨੂੰ ਦਿੱਤਾ ਸ਼ੈਲਟਰ
ਨਵਾਂਸ਼ਹਿਰ, 10 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-
ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠਲੀ ਟੀਮ ਨੇ ਬਾਲ ਭਿੱਖਿਆ ਖਿਲਾਫ਼ ਕਾਰਵਾਈ ਕਰਦਿਆਂ ਨਵਾਂਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਟੀਮ ਨੇ ਭੀਖ ਮੰਗਣ ਵਾਲੇ 8 ਬੱਚਿਆਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਇਸ ਦੀ ਰਿਪੋਰਟ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਅਤੇ ਬਾਲ ਭਲਾਈ ਕਮੇਟੀ ਦੇ ਧਿਆਨ ਵਿਚ ਲਿਆਂਦੀ। ਬਾਲ ਭਲਾਈ ਕਮੇਟੀ ਦੇ ਡਾ. ਗੁਰਮੀਤ ਸਿੰਘ ਸਰਾਂ, ਮੈਡਮ ਲਾਲੀ ਸੈਣੀ ਅਤੇ ਲੀਗਲ ਪ੍ਰੋਵੈਨਸ਼ਨ ਅਫ਼ਸਰ ਮੈਡਮ ਅਮਨਦੀਪ ਕੌਰ ਨੇ ਇਸ ਸਬੰਧੀ ਕਾਰਵਾਈ ਕਰਦਿਆਂ 6 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਅਤੇ ਇਹ ਬੱਚੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੀ.ਜੇ.ਐਮ ਹਰਪ੍ਰੀਤ ਕੌਰ ਕੌਰ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਮਾਪਿਆਂ ਨੂੰ ਸੌਂਪੇ ਗਏ।ਇਨ੍ਹਾਂ ਦੇ ਮਾਪਿਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿਚ ਉਹ ਆਪਣੇ ਬੱਚਿਆਂ ਤੋਂ ਭੀਖ ਨਹੀਂ ਮੰਗਵਾਉਣਗੇ।ਇਸ ਮੁਹਿੰਮ ਤਹਿਤ ਫੜੇ ਗਏ ਬਾਕੀ ਦੋ ਬੱਚਿਆਂ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰ ਕੋਈ ਕਾਗਜ਼ਾਤ, ਸਬੂਤ ਜਾਂ ਆਧਾਰ ਕਾਰਡ ਆਦਿ ਨਹੀਂ ਦਿਖਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ‘ਸਖੀ ਵੱਨ ਸਟਾਪ ਸੈਂਟਰ’ ਨਵਾਂਸ਼ਹਿਰ ਵਿਖੇ ਸ਼ੈਲਟਰ ਦਿੱਤਾ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਬੱਚਿਆਂ ਦੇ ਸਬੂਤ ਪੇਸ਼ ਕਰ ਦੇਣਗੇ, ਤਾਂ ਇਨ੍ਹਾਂ ਬੱਚਿਆਂ ਨੂੰ ਵੀ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ।
ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਐਸ.ਐਚ.ਓ ਥਾਣਾ ਸਿਟੀ ਨਵਾਂਸ਼ਹਿਰ ਬਖਸ਼ੀਸ਼ ਸਿੰਘ, ਲੇਬਰ ਐਨਫੋਰਸਮੈਂਟ ਅਫ਼ਸਰ ਰਣਦੀਪ ਸਿੰਘ ਸਿੱਧੂ, ਡੀ.ਸੀ.ਪੀ.ਓ ਯੂਨਿਟ ਦੇ ਸਮਾਇਲੀ ਥਿੰਦ, ਰੋਹਿਤਾ ਅਤੇ ਸ਼ਾਨੂੰ ਤੋਂ ਇਲਾਵਾ ਪੈਰਾ ਲੀਗਲ ਵਲੰਟੀਅਰ ਹਾਜ਼ਰ ਸਨ।
Punjab Post Daily Online Newspaper & Print Media