Friday, April 24, 2026

ਸਰਕਾਰੀ ਸਕੂਲਾਂ ਦੇ 24134 ਬੱਚਿਆਂ ਦੀ ਵਰਦੀਆਂ ਲਈ 1,44,80,400 ਰੁਪਏ ਜਾਰੀ

ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਕੀਤੀ ਜਾਵੇ ਵਰਦੀਆਂ ਦੀ ਖਰੀਦ – ਬਲਦੇਵ ਰਾਜ

ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ 24134 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਦਫਤਰ ਵਲੋਂ 144.804 ਕਰੋੜ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ।
                       ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਲੋੜੀਂਦੀ ਗਰਾਂਟ ਜਾਰੀ ਕਰਨ ਉਪਰੰਤ ਸਾਰੇ ਸਕੂਲ ਮੁਖੀਆਂ ਨੂੰ ਵਰਦੀਆਂ ਦੇ ਢੁੱਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰਦੇ ਹੋਏ ਵਰਦੀਆਂ ਦੀ ਖਰੀਦ ਨਿਰਧਾਰਿਤ ਮਾਪਦੰਡਾਂ ਅਨੁਸਾਰ ਕਰਨ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ ਅਤੇ ਉਨਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜਿਲ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ) ਦੇ ਖਾਤੇ ਵਿੱਚ ਪਾਏ ਗਏ ਹਨ।
                     ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਵਿਭਾਗ ਲਗਾਤਾਰ ਸਾਵਧਾਨੀਆਂ ਵਰਤ ਰਿਹਾ ਹੈ।ਉਹਨਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਉਹਨਾਂ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਐਸ.ਐਮ.ਸੀ ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਹਨਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।
                   ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗਰਾਂਟ ਜਾਰੀ ਕਰਦੇ ਹੋਏ ਦੱਸਿਆ ਕਿ ਇਨਾਂ ਜਮਾਤਾਂ ਵਿੱਚ ਪੜਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਐਸ.ਸੀ/ ਐਸ.ਟੀ/ ਬੀ.ਪੀ.ਐਲ ਵਰਗ ਦੇ ਲੜਕਿਆਂ ਨੂੰ 600 ਰੁਪਏ ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਕੁੱਲ 24134 ਵਿਦਿਆਰਥੀਆਂ ਵਿੱਚੋਂ 13631 ਲੜਕੀਆਂ ਹਨ, ਜਦ ਕਿ 8144 ਅਨੁਸੂਚਿਤ ਜਾਤੀ ਦੇ ਲੜਕੇ ਅਤੇ 2359 ਬੀ.ਪੀ.ਐਲ ਵਰਗ ਦੇ ਲੜਕੇ ਸ਼ਾਮਲ ਹਨ।
                   ਇਸ ਮੌਕੇ ਤੇ ਏ.ਪੀ.ਸੀ ਜਰਨਲ ਮਲਕੀਤ ਸਿੰਘ, ਜਿਲ੍ਹਾ ਲੇਖਾਕਾਰ ਸੁਮਿਤ ਰਾਜ, ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …