ਵਿਧਾਇਕ ਅੰਗਦ ਸਿੰਘ ਸਮੇਤ ਖਟਕੜ ਕਲਾਂ ਦੀ ਧਰਤੀ ਨੂੰ ਕੀਤਾ ਸਿਜ਼ਦਾ
ਨਵਾਂਸ਼ਹਿਰ, 22 ਜੂਨ (ਪੰਜਾਬ ਪੋਸਟ ਬਿਊਰੋ) – ਨੌਜਵਾਨ ਆਗੂ ਅਤੇ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਹਾਰਦਿਕ ਪਟੇਲ ਨੇ ਅੱਜ ਸ਼ਹੀਦ-
ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਉਨ੍ਹਾਂ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ।ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜ਼ਦ ਸਨ।
ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਅਤੇ ਸ਼ਹੀਦ-ਏ-ਆਜ਼ਮ ਦੇ ਬੁੱਤ ਅੱਗੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਰਕਿੰਗ ਪ੍ਰਧਾਨ ਹਾਰਦਿਕ ਪਟੇਲ ਨੇ ਆਖਿਆ ਕਿ ਉਹ ਬਹੁਤ ਖੁਸ਼ਨਸੀਬ ਹਨ, ਜਿਨ੍ਹਾਂ ਨੂੰ ਵੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਸਿਜ਼ਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਿਹਾ ਨਾਂਅ ਹੈ, ਜਿਸ ਨੇ ਨੌਜਵਾਨਾਂ ਵਿਚ ਕ੍ਰਾਂਤੀ ਲਿਆ ਕੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ।ਉਹ ਅੱਜ ਵੀ ਨੌਜਵਾਨਾਂ ਦੇ ਆਦਰਸ਼ ਹਨ।
ਪ੍ਰਧਾਨ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਗੁਜਰਾਤ ਵਿੱਚ ਆਪਣੇ ਜੇਲ੍ਹ ਦੇ ਦਿਨਾਂ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਪੜ੍ਹਨ ਦਾ ਕਾਫੀ ਮੌਕਾ ਮਿਲਿਆ।ਪ੍ਰੰਤੂ ਅੱਜ ਇਥੇ ਪਹੁੰਚ ਕੇ ਇਕ ਅਲੱਗ ਹੀ ਅਨੁਭਵ ਹੋਇਆ, ਕਿਉਂਕਿ ਪੜ੍ਹਨ ਅਤੇ ਜਾ ਕੇ ਦੇਖਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚਲੀਆਂ ਇਤਿਹਾਸਕ ਅਤੇ ਵਿਰਾਸਤੀ ਥਾਵਾਂ ਦਾ ਦੌਰਾ ਕਰਨਗੇ।ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਅਤੇ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗਰਾਂਟ ਦੇਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਿਸਾਨਾਂ ਲਈ ਵੀ ਚੰਗਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਵਿਧਾਇਕ ਅੰਗਦ ਸਿੰਘ ਅਤੇ ਹੋਰਨਾਂ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਏ।
Punjab Post Daily Online Newspaper & Print Media