Thursday, April 16, 2026

ਵਿਧਾਇਕ ਅੰਗਦ ਸਿੰਘ ਵਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ

ਨਕਸ਼ਾ ਫੀਸ ਘਟਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦੀ ਸੁਣਾਈ ਖੁਸ਼ਖ਼ਬਰੀ

ਨਵਾਂਸ਼ਹਿਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਕਰੀਬ 50 ਦਿਨਾਂ ਤੋਂ ਸਫ਼ਾਈ ਕਰਮੀਆਂ ਦੀ ਚੱਲ ਰਹੀ ਹੜਤਾਲ ਖ਼ਤਮ ਹੋਣ ’ਤੇ ਵਿਧਾਇਕ ਅੰਗਦ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਅਤੇ ਕੌਂਸਲਰਾਂ ਦੀ ਮੌਜ਼ੂਦਗੀ ਵਿੱਚ ਉਨ੍ਹਾਂ ਸਫ਼ਾਈ ਕਰਮੀਆਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੇ ਵੱਡਾ ਦਿਲ ਦਿਖਾਉਂਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ।ਸਫ਼ਾਈ ਕਰਮੀ ਸ਼ਹਿਰ ਦਾ ਹਿੱਸਾ ਹਨ।ਪਰੰਤੂ ਇਹ ਕੈਬਨਿਟ ਪੱਧਰ ਦਾ ਫ਼ੈਸਲਾ ਸੀ, ਇਸ ਲਈ ਇਹ ਸਥਾਨਕ ਆਗੂਆਂ ਦੇ ਹੱਥ-ਵੱਸ ਨਹੀਂ ਸੀ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਫ਼ਾਈ ਕਰਮੀਆਂ ਵੱਲੋਂ ਹੜਤਾਲ ਖ਼ਤਮ ਕਰਨ ਨਾਲ ਸਾਰੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।ਉਨ੍ਹਾਂ ਸ਼ਹਿਰ ਵਾਸੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਠਰੰਮਾ ਦਿਖਾ ਕੇ ਸਫ਼ਾਈ ਕਰਮੀਆਂ ਦਾ ਸਹਿਯੋਗ ਕੀਤਾ ਹੈ।
                      ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਕ ਹੋਰ ਵੱਡੀ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਉਨ੍ਹਾਂ ਨਵਾਂਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਨਵਾਂਸ਼ਹਿਰ ਨਗਰ ਕੌਂਸਲ ਵੱਲੋਂ ਲਈ ਜਾਂਦੀ ਨਕਸ਼ਾ ਫੀਸ ਮਤਾ ਲਿਆ ਕੇ ਘਟਾਈ ਜਾਵੇਗੀ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪਾ ਕੇ ਡਾਇਰੈਕਟਰ ਦਫ਼ਤਰ ਨੂੰ ਪ੍ਰਵਾਨਗੀ ਲਈ ਚੰਡੀਗੜ੍ਹ ਭੇਜਿਆ ਗਿਆ ਸੀ।ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਹੁਣ ਨਗਰ ਕੌਂਸਲ ਵੱਲੋਂ ਨਵੀਂ ਨਕਸ਼ਾ ਫੀਸ ਦੇ ਰੇਟ ਤੈਅ ਕਰ ਦਿੱਤੇ ਗਏ ਹਨ।ਰਿਹਾਇਸ਼ੀ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਲਈ ਚਾਰਜ਼ 131 ਰੁਪਏ ਪ੍ਰਤੀ ਵਰਗ ਗਜ਼ ਹੋਣਗੇ, ਜਦਕਿ ਇਸ ਤੋਂ ਪਹਿਲਾਂ ਇਹ 818 ਰੁਪਏ ਪ੍ਰਤੀ ਵਰਗ ਗਜ਼ ਸਨ।ਕਮਰਸ਼ੀਅਲ ਪਲਾਟ ਦੀ ਨਕਸ਼ਾ ਫੀਸ ਵੀ ਪਹਿਲਾਂ 818 ਵਰਗ ਗਜ਼ ਸੀ, ਜੋ ਘਟਾ ਕੇ 326 ਰੁਪਏ ਪ੍ਰਤੀ ਵਰਗ ਗਜ਼ ਕੀਤੀ ਗਈ ਹੈ

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …