ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਜੇਕਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਚੁੰਗਲ ਤੋਂ ਬਚਾਉਣਾ ਹੈ ਤਾਂ ਦੇਸ਼ ਨੂੰ ਭਾਜਪਾ ਮੁਕਤ ਕਰਨਾ ਹੋਵੇਗਾ, ਕਿਉਂਕਿ
ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਸੇਕ ਸੂਰਜ ਦੀ ਗਰਮੀ ਨਾਲੋਂ ਵੀ ਘਾਤਕ ਹੈ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।ਚੱਠਾ ਨੇ ਕਿਹਾ ਕਿ ਦੇਸ਼ ਵਿੱਚ ਸਭ ਕੁੱਝ ਅੰਬਾਨੀਆਂ-ਅਡਾਨੀਆਂ ਨੂੰ ਸੌਂਪਿਆ ਜਾ ਰਿਹਾ ਹੈ।ਉਸ ਨਾਲ ਜਲਦੀ ਹੀ ਹਿੰਦੁਸਤਾਨ ਮੋਦੀਸਤਾਨ ਬਣ ਕੇ ਕੰਪਨੀਆਂ ਦਾ ਗੁਲਾਮ ਹੋ ਜਾਵੇਗਾ।ਮੋਦੀ ਸਰਕਾਰ ਰੇਲਵੇ, ਪੈਟਰੋਲੀਅਮ, ਖਾਦ, ਹਵਾਈ ਅੱਡੇ, ਬੈਂਕ, ਵਿੱਦਿਆ, ਸਿਹਤ ਸਹੂਲਤਾਂ, ਦੂਰਸੰਚਾਰ ਆਦਿ ਨੂੰ ਇੱਕ-ਇੱਕ ਕਰਕੇ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ ਅਤੇ ਹੁਣ ਉਸ ਦੀ ਅੱਖ ਖੇਤੀ ’ਤੇ ਹੈ, ਜਿਸ ਨੂੰ ਕੇਂਦਰ ਸਰਕਾਰ ਕਿਸਾਨਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਚੱਠਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਤ ਦੀ ਮਹਿੰਗਾਈ ਕਰਕੇ ਦੇਸ਼ ਵਾਸੀਆਂ ਦਾ ਕਚੂੰਬਰ ਕੱਢ ਦਿੱਤਾ ਹੈ।ਡੀਜ਼ਲ ਪੈਟਰੋਲ, ਖਾਦ, ਯੂਰੀਆ, ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਚੱਠਾ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਬਾਵਜ਼ੂਦ ਵੀ ਕਿਸਾਨ ਸੱਤ ਮਹੀਨਿਆਂ ਤੋਂ ਤਿੰਨੇ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਰੱਦ ਕਰਵਾਉਣ ਅਤੇ ਐਮ.ਐਸ.ਪੀ ਦਾ ਗਰੰਟੀ ਕਾਨੂੰਨ ਬਣਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।ਚੱਠਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਆਮ ਲੋਕਾਂ ’ਚ ਦਿਨੋਂ-ਦਿਨ ਭਖ਼ ਰਹੇ ਰੋਹ ਤੋਂ ਜਾਪਦਾ ਹੈ ਕਿ ਕਿਸਾਨਾਂ ਦੀ ਹੋਂਦ ਦਾ ਇਹ ਸੰਘਰਸ਼ ਛੇਤੀ ਹੀ ਜਿੱਤ ਪ੍ਰਾਪਤ ਕਰੇਗਾ।
Punjab Post Daily Online Newspaper & Print Media