Saturday, March 14, 2026

ਬੇਗੋਵਾਲ ਕਤਲਕਾਂਡ ‘ਚ ਲੋੜੀਂਦੇ ਗੈਂਗਸਟਰ ਸ਼ੇਰਾ ਨੂੰ 6 ਰਾਜਾਂ ਵਿੱਚ 1900 ਕਿਲੋਮੀਟਰ ਤੱਕ ਪਿੱਛਾ ਕਰਕੇ ਕੀਤਾ ਗ੍ਰਿਫਤਾਰ

ਬਾਕੀ ਫਰਾਰ ਦੋਸ਼ੀ ਵੀ ਜਲਦ ਕਰ ਲਏ ਜਾਣਗੇ ਗ੍ਰਿਫਤਾਰ – ਐਸ.ਐਸ.ਪੀ ਹਰਕਮਲਪ੍ਰੀਤ ਖੱਖ

ਕਪੂਰਥਲਾ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੁਲਿਸ ਨੇ ਬੇਗੋਵਾਲ ਵਿਚ 23 ਸਾਲਾ ਨੌਜਵਾਨ ਦੇ ਕਤਲ ਕੇਸ ਵਿਚ ਲੋੜੀਂਦੇ ਹਤਿਆਰਿਆਂ ਦਾ 20 ਦਿਨ ਲਗਾਤਾਰ 6 ਰਾਜਾਂ ਵਿੱਚ 1900 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਸ਼ੇਰਾ ਨਿਵਾਸੀ ਕਰਤਾਰਪੁਰ ਜਲੰਧਰ ਵਜੋਂ ਹੋਈ ਹੈ। ਪ੍ਰੈਸ ਬਿਆਨ ਵਿੱਚ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਟੀਮ ਨੇ ਤੇਲੰਗਾਨਾ ਦੇ ਸਾਈਬਰਬਾਦ ਤੋਂ ਕਾਬੂ ਕੀਤਾ ਹੈ।
                ਕਤਲ ਕੇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਨੇ ਦੱਸਿਆ ਕਿ 18 ਜੂਨ ਦੀ ਦੇਰ ਸ਼ਾਮ ਨੂੰ ਮੁਲਜ਼ਮ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਇੱਕ 23 ਸਾਲਾ ਨੌਜਵਾਨ ਮੁਕੁਲ ਦੀ ਗੋਲੀ ਮਾਰ ਕੇ ਉਸ ਸਮੇਂ ਹਤਿਆ ਕਰ ਦਿੱਤੀ ਸੀ, ਜਦੋਂ ਉਹ ਖੇਡ ਦੇ ਮੈਦਾਨ ਤੋਂ ਘਰ ਵਾਪਸ ਪਰਤ ਰਿਹਾ ਸੀ।ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ `ਤੇ ਪੁਲਿਸ ਨੇ ਬੇਗੋਵਾਲ ਥਾਣੇ ਵਿਚ ਚਾਰ ਗੈਂਗਸਟਰਾਂ ਦਲਜੀਤ ਸਿੰਘ ਸ਼ੇਰਾ, ਮੰਗਲ ਸਿੰਘ, ਲਵਲੀ ਅਤੇ ਪ੍ਰਿੰਸ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
                    ਐਸ.ਐਸ.ਪੀ ਨੇ ਦੱਸਿਆ ਕਿ ਉਸੇ ਦਿਨ ਹੀ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀਆਂ ਵਲੋਂ ਹੁਿਸ਼ਆਰਪੁਰ ਦੇ ਟਾਂਡਾ ਖੇਤਰ ਤੋਂ ਇੱਕ ਪਾਦਰੀ ਨੂੰ ਕੁੱਟਣ ਅਤੇ ਹਵਾ ਵਿੱਚ ਫਾਇਰਿੰਗ ਕਰਕੇ ਚਿੱਟੀ ਸਵਿਫਟ ਕਾਰ (071713) ਖੋਹ ਲਈ ਹੈ ਅਤੇ ਮੁਲਜ਼ਮਾਂ ਵਲੋਂ ਕਤਲ ਦੋਰਾਨ ਵਰਤੀ ਗਈ ਸਕੂਟੀ ਨੂੰ ਓਥੇ ਹੀ ਛੱਡ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ ਸੀ।
                          ਕਤਲ ਤੋਂ ਕੁੱਝ ਦਿਨਾਂ ਬਾਅਦ ਦੋਸ਼ੀ ਗੈਂਗਸਟਰ ਦਲਜੀਤ ਸਿੰਘ ਸ਼ੇੇਰਾ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਅਤੇ ਆਪਣੇ ਫੇਸਬੁੱਕ ‘ਤੇ ਇਸ ਬਾਰੇ ਇੱਕ ਪੋਸਟ ਲਿਖੀ ਸੀ ਅਤੇ ਕੁੱਝ ਹੋਰ ਲੋਕਾਂ ਨੂੰ ਵੀ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਹੱਤਿਆ ਦੇ ਦਿਨ ਤੋਂ ਹੀ ਮੁਲਜ਼ਮਾਂ ਦਾ ਤਕਨੀਕੀ ਤੌਰ ਤੇ ਪਿੱਛਾ ਕਰ ਰਹੀਆਂ ਸਨ, ਪਰ ਸ਼ੇਰਾ ਲਗਾਤਾਰ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਯੂਪੀ, ਬਿਹਾਰ, ਮਹਾਰਾਸ਼ਟਰ ਅਤੇ ਉੜੀਸਾ ਵਿਚ ਆਪਣੀ ਜਗ੍ਹਾ ਬਦਲ ਰਿਹਾ ਸੀ ਅਤੇ ਅਖੀਰ ਤੇਲੰਗਾਨਾ ਵਿਚ ਉਸ ਦੇ ਹੋਣ ਦਾ ਪੁਲਿਸ ਨੂੰ ਪਤਾ ਲੱਗ ਗਿਆ ਸੀ।
                  ਮੁਲਜ਼ਮਾਂ ਨੇ ਟਾਂਡਾ ਦੇ ਪਾਸਟਰ ਦੀ ਲੁੱਟੀ ਹੋਈ ਕਾਰ ਵਿੱਚ ਕੁੱਝ ਖ਼ਰਾਬੀ ਆਉਣ ਤੋਂ ਬਾਅਦ ਮਹਾਰਾਸ਼ਟਰ ਵਿਚ ਲਾਵਾਰਿਸ ਛੱਡ ਦਿੱਤੀ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ।
                    ਉਸ ਨੇ ਦੱਸਿਆ ਕਿ 29 ਜੂਨ ਨੂੰ ਪੁਲਿਸ ਟੀਮਾਂ ਤੇਲੰਗਾਨਾ ਵਿੱਚ ਉਸ ਦੇ ਠਿਕਾਣੇ ‘ਤੇ ਛਾਪਾ ਮਾਰਨ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਜਾਣਕਾਰੀ ਮਿਲੀ ਕਿ ਸ਼ੇਰਾ ਨੇ ਓਥੇ ਪਿਸਤੋਲ ਦਿਖਾ ਕੇ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਕੁੱਝ ਲੜਕੀਆਂ ਦੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ।ਜਿਸ ਤੋਂ ਬਾਅਦ ਗਾਚੀਬੋਵਾਲੀ ਪੁਲਿਸ ਮੌਕੇ `ਤੇ ਪਹੁੰਚ ਗਈ ਸੀ।ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸ ਨੂੰ ਉਥੇ ਗ੍ਰਿਫਤਾਰ ਕਰ ਲਿਆ ਅਤੇ ਅੱਜ ਉਸ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ।ਪੁਲਿਸ ਟੀਮ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕਰੇਗੀ।
                  ਐਸ.ਐਸ.ਪੀ ਨੇ ਦੱਸਿਆ ਕਿ ਮੁਕੁਲ ਦੀ ਹੱਤਿਆ ਵਿੱਚ ਵਰਤੇ ਗਏ ਹਥਿਆਰ ਵੀ ਤੇਲੰਗਾਨਾ ਪੁਲਿਸ ਵਲੋਂ ਉਕਤ ਮਾਮਲੇ ਗ੍ਰਿਫਤਾਰੀ ਦੋਰਾਨ ਜ਼ਬਤ ਕੀਤੇ ਜਾ ਚੁੱਕੇ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …