ਡਾ. ਰਾਕੇਸ਼ ਚੰਦਰ ਨੇ “ਛੋਟਾ ਪਰਿਵਾਰ ਸੁੱਖੀ ਪਰਿਵਾਰ” ਦਾ ਮਹੱਤਵ ਸਮਝਾਇਆ
ਨਵਾਂਸ਼ਹਿਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ
ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ।ਵਿਸ਼ਵ ਅਬਾਦੀ ਦਿਵਸ ਦੇ ਥੀਮ `ਆਫਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਜ਼ਿਮੇਵਾਰੀ` ‘ਤੇ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਸਾਈਂ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਪੋਸਟਰ ਬਣਾਉਣ ਦੀ ਵਿਲੱਖਣ ਕਲਾਂ ਨਾਲ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ।
ਜਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਨੇ ਕਿਹਾ ਕਿ ਵਿਸ਼ਵ ਦੀ ਲਗਾਤਾਰ ਵਧ ਰਹੀ ਆਬਾਦੀ ਇਕ ਬਹੁਤ ਵੱਡੀ ਸਮੱਸਿਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਮਾੜੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਚੰਗੇ ਤੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਆਬਾਦੀ `ਤੇ ਕਾਬੂ ਪਾਉਣਾ ਬਹੁਤ ਜਰੂਰੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਮਿਲ ਕੇ ਵਧਦੀ ਹੋਈ ਆਬਾਦੀ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।ਸਾਡੇ ਦੇਸ਼ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।ਜਿਵੇਂ-ਜਿਵੇਂ ਆਬਾਦੀ ਵੱਧਦੀ ਜਾਵੇਗੀ, ਉਸੇ ਤਰ੍ਹਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ‘ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦਾ ਸਹੀ ਉਮਰ ਵਿੱਚ ਵਿਆਹ, ਪਹਿਲਾ ਬੱਚਾ ਦੇਰੀ ਨਾਲ, ਬੱਚਿਆਂ ਵਿੱਚ ਘਟੋਂ-ਘੱਟ ਤਿੰਨ ਸਾਲ ਦਾ ਫਰਕ ਰੱਖੀਏ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ “ਛੋਟਾ ਪਰਿਵਾਰ ਸੁੱਖੀ ਪਰਿਵਾਰ” ਦੇ ਮਹੱਤਵ ਸਮਝਾਉਂਦੇ ਹੋਏ ਦੱਸਿਆ ਕਿ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਸਾਰੇ ਹੀ ਸੰਸਾਰ ਵਿੱਚ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਦਾ ਹੈ, ਕਿਉਂਕਿ ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀਂ ਬਲਕਿ ਸਮਾਜ ਦੀ ਹਰੇਕ ਸਮੱਸਿਆਂ ਦੀ ਜੜ੍ਹ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਿਹਤ ਕੇਂਦਰਾਂ ਵਿੱਚ ਪਰਿਵਾਰ ਨਿਯੋਜਨ ਦੇ ਮੁਹੱਈਆ ਕਰਵਾਏ ਜਾ ਰਹੇ ਸਾਧਨਾਂ ਵਿੱਚ ਨਸਬੰਦੀ, ਨਲਬੰਦੀ, ਗਰਭ ਰੋਕੂ ਅੰਤਰਾ ਟੀਕਾ, ਛਾਇਆ ਗੋਲੀ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਓਰਲ ਪਿੱਲਜ਼ ਅਤੇ ਕੰਡੋਮ ਆਦਿ ਸ਼ਾਮਲ ਹਨ।
ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਨੇ ਕਿਹਾ ਕਿ ਵਿਸ਼ਵ ਆਬਾਦੀ ਪੰਦਰਵਾੜਾ 11 ਤੋਂ 24 ਜੁਲਾਈ ਤੱੱਕ ਮਨਾਇਆ ਜਾਵੇਗਾ, ਜਿਸ ਵਿਚ ਨਲਬੰਦੀ ਤੇ ਨਸਬੰਦੀ ਦੇ ਆਪ੍ਰਰੇਸ਼ਨ ਕੀਤੇ ਜਾਣਗੇ।
ਇਸ ਮੌਕੇ ਸਾਈਂ ਕਾਲਜ ਆਫ ਨਰਸਿੰਗ ਦੇ ਅਧਿਆਪਕ, ਐਲ.ਐਚ.ਵੀ ਬਲਵਿੰਦਰ ਕੌਰ, ਹਰਜੀਤ ਕੌਰ, ਫਾਰਮੇਸੀ ਅਫ਼ਸਰ ਪਰਮਵੀਰ ਪ੍ਰਿੰਸ, ਏ.ਐਨ.ਐਮ ਤੇ ਆਸ਼ਾ ਵਰਕਰ ਮੌਜ਼ੂਦ ਸਨ।
Punjab Post Daily Online Newspaper & Print Media