ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਰੌਚਿਕ ਅਤੇ ਸਰਲ ਤਰੀਕੇ ਨਾਲ ਕਰਵਾਉਣ
ਲਈ ਇਸਤੇਮਾਲ ਕੀਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ ਸਕੂਲ ਸਿੱਖਿਆ ਵਿਭਾਗ ਵਲੋਂ “ਅਧਿਆਪਕ ਫੈਸਟ” ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਜਿਸ ਸੰਬੰਧੀ ਵਿਭਾਗ ਵਲੋਂ ਮਿਤੀਆਂ ਦਾ ਐਲਾਨ ਕਰ ਦਿਤਾ ਗਿਆ ਹੈ।
ਜਿਲਾ ਸਿੱਖਿਆ ਅਫਸਰ ਸੈਕੰਡਰੀ ਸਤਿੰਦਰਬੀਰ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੁਸ਼ੀਲ ਕੁਮਾਰ ਤੁੱਲੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਸਹਾਇਕ ਸਮੱਗਰੀ ਅਤੇ ਵਿਧੀਆਂ ਦਾ ਆਪਣੇ ਪੱਧਰ `ਤੇ ਕੀਤਾ ਜਾ ਰਿਹਾ ਨਵੀਨੀਕਰਣ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ।ਅਧਿਆਪਕਾਂ ਵੱਲੋਂ ਨਿੱਜੀ ਤਜ਼ਰਬੇ `ਚੋਂ ਖੋਜ਼ੀਆਂ ਇਹਨਾਂ ਨਵੀਨਤਮ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਸਰਲ, ਸੌਖੀ ਅਤੇ ਪ੍ਰਭਾਵੀ ਬਣ ਰਹੀ ਹੈ।ਅਜਿਹੀਆਂ ਪੜਾਉਣ ਦੀਆਂ ਨਵੀਨਤਮ ਤਕਨੀਕਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਫੈਸਟ ਕਰਵਾਇਆ ਜਾਵੇਗਾ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਸਟ `ਚ ਸਾਰੇ ਕਾਡਰਾਂ ਤੇ ਸਭ ਵਿਸ਼ਿਆਂ ਦੇ ਅਧਿਆਪਕ ਇਕੱਲੇ ਜਾਂ ਗਰੁੱਪ ਗਤੀਵਿਧੀ ਦੇ ਰੂਪ `ਚ ਫੈਸਟ ਵਿੱਚ ਸ਼ਿਰਕਤ ਕਰ ਸਕਣਗੇ।
ਉਨਾਂ ਦੱਸਿਆ ਕਿ ਫੈਸਟ ਤਿੰਨ ਪੱਧਰਾਂ ਬਲਾਕ,ਜਿਲਾ ਅਤੇ ਸੂਬਾ ਪੱਧਰ `ਤੇ ਹੋਵੇਗਾ।ਬਲਾਕ ਪੱਧਰੀ ਫੈਸਟ 22 ਤੋਂ 24 ਜੁਲਾਈ ਤੱਕ ਹੋਵੇਗਾ, ਜਿਲ੍ਹਾ ਪੱਧਰੀ ਫੈਸਟ 26 ਤੋਂ 28 ਅਗਸਤ ਅਤੇ ਸੂਬਾ ਪੱਧਰੀ ਫੈਸਟ 1 ਤੋਂ 3 ਸਤੰਬਰ ਤੱਕ ਹੋਵੇਗਾ।ਇਸ ਦੌਰਾਨ ਅਧਿਆਪਕਾਂ ਵਲੋਂ ਆਪਣੇ ਪੱਧਰ `ਤੇ ਈਜ਼ਾਦ ਮਾਡਲ, ਸਹਾਇਕ ਸਮੱਗਰੀ, ਵਿੱਦਿਅਕ ਮੋਬਾਈਲ ਐਪ, ਵਿੱਦਿਅਕ ਖੇਡਾਂ, ਵਿੱਦਿਅਕ ਵੀਡਿਓ ਗੇਮ, ਨਵੀਨਤਮ ਚਾਰਟ, ਫਲੈਸ਼ ਕਾਰਡ ਕਿੱਟ, ਵਿੱਦਿਅਕ ਪਲੇਅ, ਸੁੰਦਰ ਲਿਖਾਈ, ਕੈਲੀਗ੍ਰਾਫੀ ਅਤਿ ਇਨਫਰਮੇਸ਼ਨ ਟੈਕਨਾਲੋਜੀ ਆਦਿ ਦਾ ਆਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ।ਪ੍ਰਦਰਸ਼ਨੀ ਦੇ ਹਰ ਪੱਧਰ ਦੇ ਜੇਤੂ ਅਧਿਆਪਕਾਂ ਨੂੰ ਵਿਭਾਗ ਵਲੋਂ ਸਰਟੀਫਿਕੇਟ, ਸਨਮਾਨ ਪੱਤਰ ਅਤੇ ਨਕਦ ਇਨਾਮ ਦਿੱਤੇ ਜਾਣਗੇ।ਇਸ ਤੋਂ ਇਲਾਵਾ ਵਿਭਾਗ ਵਲੋਂ ਜੇਤੂ ਅਧਿਆਪਕਾਂ ਨੂੰ ਏ.ਸੀ.ਆਰ ਅਤੇ ਸਟੇਟ ਅਵਾਰਡ ਵਿੱਚ ਵੀ ਅੰਕ ਦਿੱਤੇ ਜਾਣਗੇ।
ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਜੇਕਰ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਸੂਬਾ ਪੱਧਰੀ ਤਿੰਨ ਰੋਜ਼ਾ ਪ੍ਰਦਰਸ਼ਨੀ ਆਫ਼ਲਾਈਨ ਤਰੀਕੇ ਨਾਲ ਵੀ ਕਰਵਾਈ ਜਾ ਸਕਦੀ ਹੈ।ਉਨ੍ਹਾਂ ਨਾਲ ਹਰਭਗਵੰਤ ਸਿੰਘ ਤੇ ਸ੍ਰੀਮਤੀ ਰੇਖਾ ਮਹਾਜਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੁਆਰਡੀਨੇਟਰ, ਰੁਪਿੰਦਰ ਸਿੰਘ ਰਵੀ, ਰਾਜਦੀਪ ਸਿੰਘ ਸਟੈਨੋ, ਰਾਜਵਿੰਦਰ ਸਿੰਘ ਲੁੱਧੜ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media