Wednesday, August 26, 2026

ਬੱਚਿਆਂ ਦੀ ਮਾਨਸਿਕ ਤੇ ਬੋਧਿਕ ਰੁਚੀ ਵਿਕਸਿਤ ਕਰਨ ਲਈ `ਲਾਇਬ੍ਰੇਰੀ ਲੰਗਰ` ਲਗਾਇਆ

ਗੋਨਿਆਣਾ ਮੰਡੀ, 16 ਜੁਲਾਈ (ਪਰਮਜੀਤ ਸਿੰਘ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਕੂਲ ਦੀ ਲਾਇਬਰੇਰੀ ਵਿੱਚ ਬੱਚਿਆਂ ਦੀ ਮਾਨਸਿਕ ਤੇ ਬੋਧਿਕ ਰੁਚੀ ਨੂੰ ਹੋਰ ਵਿਕਸਿਤ ਕਰਨ ਲਈ `ਲਾਇਬ੍ਰੇਰੀ ਲੰਗਰ` ਲਗਾਇਆ ਗਿਆ।
ਮੁੱਖ ਅਧਿਆਪਕ ਬਲਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਲਾਇਬ੍ਰੇਰੀ ਇੰਚਾਰਜ਼ ਪਰਮਜੀਤ ਸਿੰਘ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਦੇ ਕਲਾਸ ਇੰਚਾਰਜ਼ਾਂ ਨੂੰ ਸ਼੍ਰੇਣੀ ਵਾਈਜ਼ ਬੱਚਿਆਂ ਦੇ ਪੱਧਰ ਦੀਆਂ ਪੁਸਤਕਾਂ ਸਪੁੱਰਦ ਕੀਤੀਆਂ।ਕਲਾਸ ਇੰਚਾਰਜ਼ਾਂ ਵਲੋਂ ਬੜੇ ਸੁਚੱਜੇ ਢੰਗ ਨਾਲ਼ ਵੱਖ-ਵੱਖ ਸਟਾਲ ਲਗਾ ਕੇ ਬੱਚਿਆਂ ਨੂੰ ਪੁਸਤਕਾਂ ਵੰਡੀਆਂ ਗਈਆਂ ਤਾਂ ਜੋ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਚੇਟਕ ਪੈਦਾ ਕਰਕੇ ਉਨਾਂ ਨੂੰ ਚੰਗੇ ਸਾਹਿਤ ਨਾਲ ਜੋੜਿਆ ਜਾ ਸਕੇ।ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਕਿਤਾਬਾਂ ਦੇ ਲੰਗਰ ਸਬੰਧੀ ਸੂਚਿਤ ਕਰਨ ਲਈ ਅਧਿਆਪਕਾਂ ਵੱਲੋਂ ਸਕੂਲ ਦੇ ਵਟਸਐਪ ਗਰੁੱਪਾਂ ਰਾਹੀਂ ਅਗਾਊਂ ਸੂਚਨਾ ਵੀ ਦਿੱਤੀ ਗਈ ਸੀ।ਇਲਾਕਾ ਨਿਵਾਸੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਿੱਖਿਆ ਵਿਭਾਗ ਅਤੇ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੇ ਅਧਿਆਪਕਾਂ ਵਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਗਈ।
                ਮੁੱਖ ਅਧਿਆਪਕ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਪੁਸਤਕਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਇੱਕ ਦਰਜਨ ਤੋਂ ਵੱਧ ਪੁਸਤਕਾਂ ਦੇ ਰਚੇਤਾ ਅਤੇ ਇਸ ਸਕੂਲ ਦੇ ਆਰਟ ਐਂਡ ਕਰਾਫਟ ਅਧਿਆਪਕ ਮੀਡੀਆ ਤੇ ਲਾਇਬ੍ਰੇਰੀ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਪੁਸਤਕਾਂ ਨਾਲ਼ ਹੀ ਸੱਭਿਅਤਾ ਅੱਗੇ ਵੱਧਦੀ ਹੈ।ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਨਾਲ ਸਾਂਝ ਪਾਉਣ ਲਈ ਕਿਹਾ।ਪੰਜਾਬੀ ਮਾਸਟਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਜ ਦੇ ਕੰਪਿਊਟਰ ਸਮੇਂ ਵਿੱਚ ਪੁਸਤਕਾਂ ਹੀ ਬੱਚਿਆਂ ਦੀਆਂ ਅਸਲ ਸਾਥੀ ਹਨ।ਜਿੰਨ੍ਹਾਂ ਰਾਹੀਂ ਬੱਚਾ ਜ਼ਿੰਦਗੀ ਵਿੱਚ ਅੱਗੇ ਵੱਧਦਾ ਹੈ।ਸਕੂਲ ਇੰਚਾਰਜ਼ਾਂ ਵਿਚੋਂ ਸ੍ਰੀਮਤੀ ਗੁਰਤੇਜ ਕੌਰ, ਨੀਲਮ ਰਾਣੀ, ਨੈਨਸੀ, ਸੀਮਾ ਰਾਣੀ, ਦਾ ਸਹਿਯੋਗ ਸੁਲਾਹਣਯੋਗ ਸੀ।
              ਇਸ ਸਮੁੱਚੇ ਕਾਰਜ਼ ਵਿੱਚ ਗੁਰਦੀਪ ਸਿੰਘ ਤੇ ਵਿਆਸ ਦੇਵ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …