ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹਾ ਪੱਧਰੀ ਮੀਟਿੰਗ
ਨਵਾਂਸ਼ਹਿਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਕਾਰਣ ਪਰਿਵਾਰ ਵਿੱਚ ਕਮਾਊ ਮੈਂਬਰਾਂ ਦੀਆਂ ਹੋਈਆਂ ਮੋਤਾਂ ਦੇ ਆਸ਼ਰਿਤਾਂ ਨੂੰ ਵੱਖ-
ਵੱਖ ਵਿੱਤੀ ਲਾਭ ਦੀਆਂ ਸਕੀਮਾਂ ਦੇ ਲਾਭ ਦੇਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ‘ਚ ਜਿਲ੍ਹਾ ਪੱਧਰ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿਚ ਸ੍ਰੀਮਤੀ ਸੰਤੋਸ਼ ਵਿਰਦੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਣ ਜੇਕਰ ਕਿਸੇ ਪਰਿਵਾਰ ਵਿਚ ਕਮਾਊ ਮੈਂਬਰ ਦੀ ਮੋਤ ਹੋ ਜਾਂਦੀ ਹੈ ਤਾਂ, ਉਸ ਦੇ ਆਸ਼ਰਿਤਾਂ ਨੂੰ ਪੈਨਸ਼ਨ ਸਕੀਮ ਦੇ ਤਹਿਤ ਕਵਰ ਕੀਤਾ ਜਾਣਾ ਹੈ ਅਤੇ ਇਸ ਦੇ ਨਾਲ ਹੀ ਬਾਕੀ ਵਿਭਾਗਾਂ ਵੱਲੋਂ ਵੀ ਆਪਣੇ ਵਿਭਾਗ ਦੀਆਂ ਸਕੀਮਾਂ ਦੇ ਤਹਿਤ ਲਿਆਂਦਾ ਜਾਣਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ੇਨਾ ਅਗਰਵਾਲ ਵੱਲੋਂ ਸਮੂਹ ਜਿਲ੍ਹਾ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਵਿਭਾਗ ਦੇ ਪੱਧਰ ‘ਤੇ ਕਾਰਵਾਈ ਕਰਨ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਦੇ ਕਾਰਨ ਹੋਈਆਂ ਮੋਤਾਂ ਵਿਚ ਵੈਰੀਫਿਕੇਸ਼ਨ ਦੇ ਉਪਰੰਤ ਜੇਕਰ ਇਹ ਪਾਇਆ ਜਾਂਦਾ ਹੈ ਕਿ ਮ੍ਰਿਤਕ ਘਰ ਦਾ ਕਮਾਊ ਮੈਂਬਰ ਸੀ ਤਾਂ ਉਸ ਦੇ ਪਰਿਵਾਰ ਨੂੰ ਵੱਖ-ਵੱਖ ਸਕੀਮਾਂ ਦੇ ਤਹਿਤ ਮਿਲਣ ਵਾਲੀਆਂ ਸੇਵਾਵਾਂ ਅਤੇ ਵਿੱਤੀ ਲਾਭ ਦੀਆਂ ਸਕੀਮਾਂ ਦੇ ਤਹਿਤ ਕਵਰ ਕੀਤਾ ਜਾ ਰਿਹਾ ਹੈ, ਜਿਲ੍ਹੇ ਵਿਚ ਹੁਣ ਤੱਕ 17 ਆਸ਼ਰਿਤ ਬੱਚਿਆਂ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੈਨਸ਼ਨ ਜਾਰ੍ਹੀ ਕਰਵਾਈ ਗਈ ਹੈ, ਪੜ੍ਹਾਈ ਕਰ ਰਹੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੀ ਸਹੂਲਤ ਦੇ ਤਹਿਤ ਕਵਰ ਕਰਨ ਅਤੇ ਵਿਆਹੁਣ ਦੀ ਉਮਰ ਦੇ ਯੋਗ ਆਸ਼ਰਿਤ ਲੜਕੀਆਂ ਨੂੰ ਅਸ਼ੀਰਵਾਦ ਸਕੀਮ ਦੇ ਤਹਿਤ ਵਿੱਤੀ ਲਾਭ ਲਈ ਰਜਿਸਟਰ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਲ੍ਹਾ ਰੋਜਗਾਰ ਦਫਤਰ ਵੱਲੋ ਇਸ ਮਾਮਲੇ ਵਿਚ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ, ਉਨ੍ਹਾਂ ਦੀ ਯੋਗਤਾ ਦੇ ਅਧਾਰ ‘ਤੇ ਵੱਖ-ਵੱਖ ਕਿੱਤਾਕਾਰੀ ਸੇਵਾਂਵਾਂ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਹਨ, ਜਿਨ੍ਹਾਂ ਦੇ ਵਾਸਤੇ ਅਜਿਹੇ ਆਸਰਿਤਾਂ ਨੁੰ ਰਜਿਸਟਰਡ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੀਟਿੰਗ ਵਿਚ ਜਿਲ੍ਹੇ ਦੇ ਸਮੂਹ ਸੀ.ਡੀ.ਪੀ.ਓ, ਜਿਲ੍ਹਾ ਸਿੱਖਿਆ ਅਫਸਰ (ਪ੍ਰਾ: ਅਤੇ ਸੈਕੰ:) ਜਿਲ੍ਹਾ ਭਲਾਈ ਅਤੇ ਪਰਿਵਾਰ ਕਲਿਆਣ ਅਫਸਰ, ਨੁਮਾਇੰਦਾ ਜਿਲ੍ਹਾ ਫੂਡ ਅਫਸਰ, ਜਿਲ੍ਹਾ ਰੋਜ਼ਗਾਰ ਅਫਸਰ ਅਤੇ ਨੁਮਾਇੰਦਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਹਾਜਰ ਸਨ।
Punjab Post Daily Online Newspaper & Print Media