ਰਚਨਾਵਾਂ ਦੇ ਦੌਰ ‘ਚ ਸਿਖਰ ਰਹੀ ਕਹਾਣੀਕਾਰ ਮਨਦੀਪ ਡਡਿਆਣਾ ਦੀ ਕਹਾਣੀ ‘ਪੰਜਾਬ ਸਿਹੁੰ’
ਸਮਰਾਲਾ, 20 ਜੁਲਾਈ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ
ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਵਿਖੇ ਹੋਈ।ਮੀਟਿੰਗ ਵਿੱਚ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨਾਲ ਰੂ-ਬ-ਰੂ ਕੀਤਾ ਗਿਆ, ਜੋ ਯਾਦਗਾਰੀ ਹੋ ਨਿਬੜਿਆ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਕਮਲਜੀਤ ਨੀਲੋਂ ਬਾਰੇ ਪੰਛੀ ਝਾਤ ਪਾਉਂਦੇ ਕਿਹਾ ਕਿ ਕਮਲਜੀਤ ਨੀਲੋਂ ਨੇ ਆਪਣੇ ਪਿਤਾ ਕੁਲਵੰਤ ਨੀਲੋਂ (ਉਘੇ ਸ਼ਾਇਰ) ਦੀ ਲੀਹ ‘ਤੇ ਚੱਲਦਿਆਂ ਭਾਰਤ ਦੇਸ਼ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਹੈ, ਜਿਸ ‘ਤੇ ਪੰਜਾਬੀ ਸਾਹਿਤ ਸਭਾ ਨੂੰ ਮਾਣ ਹੈ।
ਰੂ-ਬ-ਰੂ ਦੌਰਾਨ ਕਮਲਜੀਤ ਨੀਲੋਂ ਨੇ ਆਪਣੇ ਜੀਵਨ ਦੇ ਖੱਟੇ ਮਿੱਠੇ ਤਜ਼ਰਬਿਆਂ ਨੂੰ ਸਾਂਝੇ ਕਰਨ ਤੋਂ ਇਲਾਵਾ ਆਪਣੇ ਬਾਲ ਗੀਤ ‘ਸੌਂ ਜਾ ਬੱਬੂਆ ਮਾਣੋਂ ਬਿੱਲੀ ਆਈ ਆ’ ਤੋਂ ਸ਼ੁਰੂ ਹੋ ਕੇ ਸਭਿਆਚਾਰਕ ਗੀਤ ‘ਚਿੜੀਆਂ ਬਾਬਲਾ ਚਿੜੀਆਂ ਵੇ’ ਤੱਕ ਅਤੇ ਅਖੀਰ ਪੰਜਾਬੀ ਬੋਲੀਆਂ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਅੱਤ ਦੀ ਗਰਮੀ ਵਿੱਚ ਸਰੋਤੇ ਲਗਤਾਰ 3 ਘੰਟੇ ਦੇ ਕਰੀਬ ਨਿਰੰਤਰ ਕਮਲਜੀਤ ਨੂੰ ਸੁਣਦੇ ਰਹੇ।ਸਭਾ ਵਲੋਂ ਕਲਜੀਤ ਨੀਲੋਂ ਦਾ ਵਿਸ਼ੇਸ਼ ਤੌਰ ਸਨਮਾਨ ਵੀ ਕੀਤਾ ਗਿਆ।
ਰੂ-ਬ-ਰੂ ਉਪਰੰਤ ਮਲਕੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਨਾਵਲਕਾਰ ਦਵਿੰਦਰ ਮਲਹਾਂਸ ਕੈਲਗਿਰੀ, ਨਰਿੰਦਰ ਸਿੰਘ (ਸਟੇਟ ਐਵਾਰਡੀ) ਨੂੰ ਸਭਾ ’ਚ ਪਹਿਲੀ ਵਾਰ ਆਉਣ ‘ਤੇ ‘ਜੀ ਆਇਆ’ ਕਿਹਾ।ਇਸ ਉਪਰੰਤ ਨਵੇਂ ਲੇਖਕਾਂ ਹਰਿਨੂਰ ਡਡਿਆਣਾ ਤੇ ਚਾਹਤ ਮਾਂਗਟ ਨੂੰ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ।ਕਹਾਣੀਕਾਰ ਸੁਖਜੀਤ ਨੇ ਕਿਹਾ ਸਾਹਿਤ ਸਭਾ ਨੌਜਵਾਨ ਲੇਖਕਾਂ ਨੂੰ ਗਲ ਨਾਲ ਲਾਉਂਦੀ ਹੈ।ਰਚਨਾਵਾਂ ਦੇ ਦੌਰ ਵਿੱਚ, ਨਰਿੰਦਰ ਸਿੰਘ ਲੁਧਿਆਣਾ ਨੇ ਕਵਿਤਾ ‘ਨਿੱਕੀ ਚਿੜੀ’, ਮਨੀਸ਼ ਮੋਦਗਿਲ ਨੇ ਕਵਿਤਾ ‘ਘਰੇਲੂ ਔਰਤ’, ਮਲਕੀਤ ਸਿੰਘ ਨਾਗਰਾ ਨੇ ਗੀਤ ‘ਸਾਵਣ ਦਾ ਮਹੀਨਾ’, ਬਲਵਿੰਦਰ ਸਿੰਘ ਢਿੱਲੋਂ ਮੋਹਾਲੀ ਨੇ 72 ਕਲਾ ਛੰਦ ਸੁਣਾ ਵਾਹ ਵਾਹ ਖੱਟੀ, ਗੀਤ ਗੁਰਜੀਤ ਦੇ ਗੀਤ ‘ਮਾਫ਼ ਕਰੀ ਬਾਪੂ ਜੇ ਸੱਚ ਬੋਲਤਾ’ ਸਮੁੱਚੀ ਸਭਾ ਵਲੋਂ ਸਰਾਹਿਆ ਗਿਆ।ਆਜ਼ਾਦ ਵਿਸ਼ਮਦ ਨੇ ਕਵਿਤਾ ‘ਚੋਣ ਵਰ੍ਹਾ’, ਗੁਰਨਾਮ ਸਿੰਘ ਬਿਜਲੀ ਨੇ ਗ਼ਜ਼ਲ ‘ਸੱਦਾ ਗਮ ਘੇਰ ਰੱਖਦਾ’, ਸੀਨੀ: ਮੀਤ ਪ੍ਰਧਾਨ ਦੀਪ ਦਿਲਬਰ ਨੇ ਕਵਿਤਾ ‘ਕਲਮ ਕਲੂੰਬਰ’, ਅਨਿਲ ਫਤਿਹਗੜ੍ਹ ਨੇ ‘ਜਦੋਂ ਤੱਕ ਜਾਨ ਸੱਜਣਾ’, ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ‘ਅਸੀਂ ਉਡਣਾ ਨਾਲ ਹਵਾਵਾਂ’, ਕਹਾਣੀਕਾਰ ਮਨਦੀਪ ਡਡਿਆਣਾ ਨੇ ‘ਪੰਜਾਬ ਸਿਹੰੁ’ ਸੁਣਾਈ ਜੋ ਕਿ ਸਭਾ ਦੀ ਮੀਟਿੰਗ ਦਾ ਸਿਖਰ ਹੋ ਨਿਬੜੀ। ਗੀਤਕਾਰ ਹਰਬੰਸ ਮਾਲਵਾ ਨੇ ਗੀਤ ‘ਰੁੱਖਾਂ ਦੇ ਪੱਤਿਆਂ ’ਚੋਂ’, ਡਾ. ਜਲੌਰ ਸਿੰਘ ਖੀਵਾ ਨੇ ਗ਼ਜ਼ਲ ਪੇਸ਼ ਕੀਤੀ।ਇਸ ਉਪਰੰਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਤੇ ਗੁਰਨਾਮ ਸਿੰਘ ਬਿਜਲੀਪੁਰ ਨੇ ਸਭਾ ਨੂੰ ਕਿਤਾਬਾਂ ਭੇਂਟ ਕੀਤੀਆਂ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਜਤਿੰਦਰ ਹਾਂਸ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਤਰਨ ਬੱਲ, ਕਹਾਣੀਕਾਰ ਸੰਦੀਪ ਸਮਰਾਲਾ, ਗੁਰਭਗਤ ਸਿੰਘ ਗਿੱਲ, ਦਰਸ਼ਨ ਸਿੰਘ ਕੰਗ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਬਲਵੰਤ ਮਾਂਗਟ, ਸੁਰਜੀਤ ਮੰਡ, ਗੁਰਦੀਪ ਮਹੌਣ, ਸੁਰਜੀਤ ਸਿੰਘ ਵਿਸ਼ਦ, ਅਵਤਾਰ ਸਿੰਘ ਉਟਾਲਾਂ, ਜਸਵੀਰ ਸਮਰਾਲਾ, ਕੇਵਲ ਸਿੰਘ ਮੰਜਾਲੀਆਂ, ਲਖਵਿੰਦਰ ਪਾਲ ਸਿੰਘ ਸਮਰਾਲਾ ਆਦਿ ਹਾਜ਼ਰ ਹੋਏ। ਮੰਚ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵੱਲੋਂ ਬਾਖੂਬੀ ਨਿਭਾਈ ਗਈ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media