Monday, June 22, 2026

ਈ-ਵਿਨ ਤਕਨੀਕ ਦਾ ਉਦੇਸ਼ ‘ਵੈਕਸੀਨ ਸਪਲਾਈ ਚੇਨ ਪ੍ਰਣਾਲੀ’ ਨੂੰ ਹੋਰ ਮਜ਼ਬੂਤ ਕਰਨਾ – ਸਿਵਲ ਸਰਜਨ

ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਈ-ਵਿਨ ਐਪ ਦੇ ਨਵੇਂ ਵਰਜਨ ਦੀ ਟ੍ਰੇਨਿੰਗ

ਨਵਾਂਸ਼ਹਿਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿਚ ਕੋਲਡ ਚੇਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਦਫਤਰ ਵਿਖੇ ਆਨਲਾਈਨ ਵੈਕਸੀਨ ਐਪ “ਈਵਿਨ” ਦੇ ਨਵੇਂ ਵਰਜਨ ‘ਏ.ਈ’ ਦੀ ਟ੍ਰੇਨਿੰਗ ਦਿੱਤੀ ਗਈ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਐਲ.ਐਚ.ਵੀਜ਼ ਅਤੇ ਏ.ਐਨ.ਐਮ ਨੇ ਭਾਗ ਲਿਆ।
                  ਟ੍ਰੇਨਿੰਗ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ ਨੇ ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਦੀ ਆਗਿਆ ਲਈ।ਡਾ. ਰਾਏ ਨੇ ਕਿਹਾ ਕਿ ਜ਼ਿਲ੍ਹੇ ਵਿਚ ਵੈਕਸਾਈਨ ਸਪਲਾਈ, ਉਪਲੱਬਧਤਾ, ਵੰਡ ਅਤੇ ਖਪਤ ਸਬੰਧੀ ਕਰਵਾਈ ਜਾ ਰਹੀ ਈ-ਵਿਨ ਦੀ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਤਕਨੀਕਾਂ ਲਿਆਂਦੀਆਂ ਜਾ ਰਹੀਆਂ ਹਨ।ਨੈਸ਼ਨਲ ਹੈਲਥ ਮਿਸ਼ਨ ਪ੍ਰੋਗਰਾਮ ਤਹਿਤ ਇਸ ਤਕਨੀਕ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਜ਼ਿਲ੍ਹੇ ਵਿਚ ਵੈਕਸੀਨ ਦੀ ਸਪਲਾਈ, ਉਪਲੱਬਧਤਾ, ਵੰਡ ਤੇ ਖਪਤ ਦੀ ਆਨਲਾਈਨ ਜਾਣਕਾਰੀ ਰੱਖੀ ਜਾ ਸਕਦੀ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਆਨਲਾਈਨ ਦੇਖਿਆ ਜਾ ਸਕਦਾ ਹੈ।
ਇਸ ਮੌਕੇ ਟ੍ਰੇਨਰ ਗੁਰਪ੍ਰੀਤ ਸਿੰਘ ਨੇ ਸਮੂਹ ਐਲ.ਐਚ.ਵੀ ਅਤੇ ਏ.ਐਨ.ਐਮ ਨੂੰ ਆਨਲਾਈਨ ਵੈਕਸੀਨ ਐਪ “ਈਵਿਨ” ਦੇ ਨਵੇਂ ਵਰਜਨ ‘ਏ.ਈ.’ ਨੂੰ ਡਾਊਨਲੋਡ ਕਰਵਾਇਆ।ਉਨ੍ਹਾਂ ਨੇ ਦਸਿਆ ਕਿ ਇਸ ਨਾਲ ਵੈਕਸੀਨ ਦੀ ਵੰਡ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ ਅਤੇ ਵੈਕਸੀਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘੱਟ ਜਾਵੇਗੀ।
                   ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਟੀਕਾਕਰਨ ਅਫਸਰ ਬਲਵਿੰਦਰ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਸਹਾਇਕ ਸੁਸ਼ੀਲ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …