Thursday, March 5, 2026

ਲੇਖਕ ਮੰਚ ਸਮਰਾਲਾ ਵਲੋਂ ਇਨਕਲਾਬੀ ਕਵੀ ਲਾਲ ਸਿੰਘ ‘ਦਿਲ’ ਯਾਦਗਾਰੀ ਸਮਾਗਮ 8 ਨੂੰ

ਇਨਕਲਾਬੀ ਸਖ਼ਸ਼ੀਅਤ ਦਰਸ਼ਨ ਖਟਕੜ ਨੂੰ ਮਿਲੇਗਾ ‘ਲਾਲ ਸਿੰਘ ਦਿਲ’ ਯਾਦਗਾਰੀ ਸਨਮਾਨ

ਸਮਰਾਲਾ, 7 ਅਗਸਤ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਵੱਲੋਂ ਇਨਕਲਾਬੀ ਕਵੀ ਲਾਲ ਸਿੰਘ ‘ਦਿਲ’ ਯਾਦਗਾਰੀ ਸਮਾਗਮ 8 ਅਗਸਤ ਦਿਨ ਨੂੰ ਐਤਵਾਰ ਨੂੰ ਸ਼ਾਹੀ ਸਪੋਰਟਸ ਕਾਲਜ਼ ਝਕੜੌਦੀ (ਸਮਰਾਲਾ) ਵਿਖੇ ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਸਮੁੱਚੀ ਦੇਖ-ਰੇਖ ਵਿੱਚ ਕਰਵਾਇਆ ਜਾ ਰਿਹਾ ਹੈ।
                   ਸਮਾਗਮ ਵਿੱਚ ਲਾਲ ਸਿੰਘ ਦਿਲ ਦੇ ਜੀਵਨ, ਰਚਨਾ ਸੰਸਾਰ ਅਤੇ ਚੁਨਿੰਦਾ ਸ਼ਾਇਰੀ ਤੋਂ ਇਲਾਵਾ ਉਨ੍ਹਾਂ ਦੀ ਰਚਨਾਵਾਂ ਤੇ ਅਧਾਰਿਤ ਇੱਕ ਦਸਤਾਵਜ਼ੀ ਫਿਲਮ ਵੀ ਹਾਜ਼ਰ ਲੇਖਕਾਂ ਦੇ ਸਨਮੁੱਖ ਕੀਤੀ ਜਾਵੇਗੀ।ਸਮਾਗਮ ਦਾ ਵੇਰਵਾ ਦਿੰਦਿਆਂ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਦੱਸਿਆ ਕਿ ਲਾਲ ਸਿੰਘ ਦਿਲ ਸਮੇਤ ਇਨਕਲਾਬੀ ਕਵੀਆਂ ਸੰਤ ਰਾਮ ਉਦਾਸੀ ਅਤੇ ਪਾਸ਼ ਦੇ ਜੋਟੀਦਾਰ ਰਹੇ ਦਰਸ਼ਨ ਖਟਕੜ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
                  ਸਮਾਗਮ ਵਿਚ ਪੰਜਾਬੀ ਲੇਖਕ ਅਤੇ ਪੱਤਰਕਾਰ ਤੇਲੂ ਰਾਮ ਕੋਹਾੜਾ ‘ਲਾਲ ਸਿੰਘ ਦਿਲ’ ਬਾਰੇ ਆਪਣਾ ਇੱਕ ਸ਼ਬਦ ਚਿੱਤਰ ਪੇਸ਼ ਕਰਨਗੇ ਅਤੇ ਮੰਚ ਦੇ ਪ੍ਰਧਾਨ ਅਤੇ ਉਘੇ ਰੰਗਕਰਮੀ ਮਾਸਟਰ ਤਰਲੋਚਨ ਸਿੰਘ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ‘ਲਾਲ ਸਿੰਘ ਦਿਲ’ ਨਾਲ ਗੁਜ਼ਾਰੇ ਪਲਾਂ ਦੀਆਂ ਯਾਦਾਂ ਹਾਜ਼ਰ ਲੇਖਕਾਂ ਨਾਲ ਸਾਂਝੀਆਂ ਕਰਨਗੇ।ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਉਘੇ ਗਜ਼ਲ਼ਗੋ ਐਸ.ਨਸੀਮ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਜਾਵੇਗਾ।ਜਿਸ ਵਿਚ ਹਾਜ਼ਰ ਸ਼ਾਇਰ ਆਪਣੇ ਕਲਾਮ ਪੇਸ਼ ਕਰਨਗੇ।
              ਸਮਾਗਮ ਵਿੱਚ ਇਲਾਕੇ ਦੇ ਉਘੇ ਲੇਖਕ ਜਿਹਨਾਂ ਵਿੱਚ ਨਾਵਲਕਾਰ ਰਾਮ ਸਰੂਪ ਰਿਖੀ, ਗੀਤਕਾਰ ਜਸਵੀਰ ਸਿੰਘ ਝੱਜ, ਗਜ਼ਲਗੋ ਐਸ.ਨਸੀਮ, ਨਰਿੰਦਰ ਮਣਕੂ ਅਤੇ ਹਰਬੰਸ ਮਾਲਵਾ, ਕਹਾਣੀਕਾਰ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਰੰਗਕਰਮੀ ਰਾਜਵਿੰਦਰ ਸਮਰਾਲਾ ਸਮੇਤ ਹੋਰ ਨਾਮਵਰ ਸਖ਼ਸ਼ੀਅਤਾਂ ਸਮਾਗਮ ਵਿੱਚ ਹਿੱਸਾ ਲੈਣਗੀਆਂ।ਇਨਕਲਾਬੀ ਸਖ਼ਸ਼ੀਅਤ ਦਰਸ਼ਨ ਖਟਕੜ ਨੂੰ ਵਿਸ਼ੇਸ਼ ਤੌਰ ’ਤੇ ‘ਲਾਲ ਸਿੰਘ ਦਿਲ’ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਲਾਲ ਸਿੰਘ ਦਿਲ ਸਮਰਾਲਾ ਦੇ ਜੰਮਪਲ ਨਕਸਲਬਾੜੀ ਲਹਿਰ ਦੇ ਉਘੇ ਕਵੀਆਂ ਵਿੱਚ ਮੰਨੇ ਜਾਂਦੇ ਹਨ।ਜਿਹਨਾਂ ਨੇ ਸਾਮਰਾਜਵਾਦ, ਕੱਟੜਵਾਦ ਅਤੇ ਫਿਰਕਾਪ੍ਰਸਤੀ ਵਿਰੁੱਧ ਹੋਰਨਾਂ ਇਨਕਲਾਬੀ ਯੋਧਿਆਂ ਜੰਗਾਂ ਲੜੀਆਂ ਸਨ, ਇਹਨਾਂ ਵਿੱਚ ਲਾਲ ਸਿੰਘ ਦਿਲ ਨੇ ਅਗਾਂਹਵਧੂ ਰੋਲ ਅਦਾ ਕੀਤਾ ਸੀ।ਉਹਨਾਂ ਦੀ ਯਾਦ ਅਤੇ ਰਚਨਾ ਸੰਸਾਰ ਦੀ ਯਾਦ ਨੂੰ ਤਾਜਾ ਕਰਨ ਲਈ ਲੇਖਕ ਮੰਚ ਸਮਰਾਲਾ ਵਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …