Monday, July 6, 2026

ਲਾਲ ਸਿੰਘ ‘ਦਿਲ’ ਨੇ ਗੁਰਬਤ ਪਿੰਡੇ ਹੰਢਾ ਕੇ ਵੀ ਖੁਦਦਾਰੀ ਦਾ ਪਰਚਮ ਬੁਲੰਦ ਰੱਖਿਆ – ਮਾ. ਤਰਲੋਚਨ ਸਿੰਘ

ਸਮਰਾਲਾ, 13 ਅਗਸਤ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਵਲੋਂ ਸਾਹੀ ਸਪੋਰਟਸ ਕਾਲਜ ਝਕੜੌਦੀ (ਸਮਰਾਲਾ) ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਲਾਕੇ ਦੇ ਜ਼ੰਮ-ਪਲ ਅਤੇ ਪ੍ਰਸਿੱਧ ਇਨਕਲਾਬੀ ਕਵੀ ਲਾਲ ਸਿੰਘ ‘ਦਿਲ’ ਦੇ ਜੀਵਨ ਅਤੇ ਰਚਨਾ ਸੰਸਾਰ ਬਾਰੇ ਗੱਲਾਂ ਕਰਦਿਆਂ ਉਸ ਦੀਆਂ ਗਾਥਾਵਾਂ ਦਾ ਲੇਖਕਾਂ ਅਤੇ ਵਿਦਵਾਨਾਂ ਨੇ ਦਿਲ ਖੋਲ੍ਹ ਕੇ ਵਰਣਨ ਕੀਤਾ।ਅੱਤ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਨਾ-ਸਾਜ਼ਗਾਰ ਹਾਲਾਤ ਦੇ ਬਾਵਜ਼ੂਦ ਲਾਲ ਸਿੰਘ ‘ਦਿਲ’ ਨੇ ਅੱਵਲ ਦਰਜ਼ੇ ਦੀ ਸਾਹਿਤ ਰਚਨਾ ਕਰਕੇ ਜਿਥੇ ਪੰਜਾਬੀ ਸਾਹਿਤ ਵਿੱਚ ਆਪਣੀ ਕਲਮ ਦਾ ਲੋਹਾ ਮੰਨਵਾਇਆ ਉਥੇ ਸਰਹੱਦੋਂ ਪਾਰ ਵੀ ਪੰਜਾਬੀ ਸਾਹਿਤਕਾਰਾਂ ਨੇ ਸਾਹਿਤਕ ਮੰਚਾਂ ਤੇ ਉਸ ਦਾ ਨੁਮਾਇਆ ਜ਼ਿਕਰ ਕੀਤਾ ਹੈ।ਸ਼ਾਹੀ ਕਾਲਜ਼ ਦੇ ਵਿਸ਼ੇਸ਼ ਤੌਰ ’ਤੇ ਸਜ਼ਾਏ ਹਾਲ ਅੰਦਰ ਪ੍ਰੋਗਰਾਮ ਦੇ ਆਗਾਜ਼ ਵਿੱਚ ਹਾਜ਼ਰ ਸਾਰੇ ਲੇਖਕਾਂ ਨੇ ਲਾਲ ਸਿੰਘ ‘ਦਿਲ’ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਉਪਰੰਤ ਕੇਵਲ ਕੁੱਲੇਵਾਲੀਆ, ਸੁਖਵਿੰਦਰ ਚੰਡੀਗੜ੍ਹ ਅਤੇ ਜੱਸੀ ਮਾਨ ਢਿੱਲਵਾਂ ਨੇ ਬਹੁਤ ਹੀ ਭਾਵਪੂਰਤ ਗੀਤ ਪੇਸ਼ ਕੀਤੇ।
                    ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਇਨਕਲਾਬੀ ਲਹਿਰ ਦੇ ਪ੍ਰਤੀਨਿਧ ਸ਼ਾਇਰ ਦਰਸ਼ਨ ਖਟਕੜ ਤੋਂ ਇਲਾਵਾ ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਮਾ. ਤਰਲੋਚਨ ਸਿੰਘ, ਸਰਪ੍ਰਸਤ ਤੇਲੂ ਰਾਮ ਕੋਹਾੜਾ, ਜਸਵੀਰ ਸਿੰਘ ਝੱਜ, ਗੁਰਨਾਮ ਸਿੰਘ ਬਿਜਲੀ ਅਤੇ ‘ਦਿਲ’ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਛੋਟੇ ਭਰਾ ਗੁਰਚਰਨ ਸਿੰਘ ਸ਼ੁਸ਼ੋਭਿਤ ਸਨ।ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਲੇਖਕਾਂ ਨੂੰ ਜੀ ਆਇਆਂ ਆਖਦਿਆਂ ਮਰਹੂਮ ਸ਼ਾਇਰ ਲਾਲ ਸਿੰਘ ‘ਦਿਲ’ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਦੇ ਪਰਿਵਾਰ ਨਾਲ ਜਾਣ ਪਹਿਚਾਣ ਕਰਾਈ। ਲਾਲ ਸਿੰਘ ‘ਦਿਲ’ ਦੇ ਨਜ਼ਦੀਕੀ ਰਹੇ ਪੰਜਾਬੀ ਲੇਖਕ ਅਤੇ ਸੀਨੀਅਰ ਪੱਤਰਕਾਰ ਤੇਲੂ ਰਾਮ ਕੁਹਾੜਾ ਨੇ ਉਹਨਾਂ ਦੀ ਸਖ਼ਸ਼ੀਅਤ ਬਾਰੇ ਪੇਸ਼ ਕੀਤੇ ਕਾਵਿ ਚਿੱਤਰ ਰਾਹੀਂ ਦਿਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
                  ਪੰਜਾਬੀ ਫਿਲਮਾਂ ਅਤੇ ਨਾਟਕਾਂ ਦੇ ਅਦਾਕਾਰ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਲਾਲ ਸਿੰਘ ‘ਦਿਲ’ ਦੀ ਸਖ਼ਸ਼ੀਅਤ ਸਬੰਧੀ ‘ਸ਼ਬਦ ਚਿੱਤਰ’ ਹਾਜ਼ਰ ਲੇਖਕਾਂ ਦੇ ਸਨਮੁੱਖ ਕੀਤਾ ਗਿਆ।ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਲਾਲ ਸਿੰਘ ‘ਦਿਲ’ ਦੇ ਸਾਹਿਤ ਦੀ ਵਿਵੇਚਨਾ ਕਰਦਿਆਂ ਕਿਹਾ ਕਿ ‘ਦਿਲ’ ਇੱਕ ਮਿਕਨਾਤੀਸੀ ਸਖ਼ਸ਼ੀਅਤ ਸਨ।ਉਹਨਾਂ ਨੇ ਗੁਰਬਤ ਹੰਢਾ ਕੇ ਲੇਖਣ ਕਾਰਜ ਜਾਰੀ ਰੱਖਣ ਦੇ ਘਟਨਾਕ੍ਰਮ ਨੂੰ ਬਿਆਨਦਿਆਂ ਕਿਹਾ ਕਿ ਦਿਲ ਤਾਂ ਬਿਨਾਂ ਜਿਲਦ ਦੀ ਕਾਪੀ ‘ਤੇ ਚਮਕਦੇ ਅੱਖਰਾਂ ਦੀ ਸੁਨਹਿਰੀ ਕਹਾਣੀ ਸੀ।
                ‘ਦਿਲ’ ਦੇ ਬਿਮਾਰੀ ਦੀ ਸੂਰਤ ਵਿੱਚ ਹਸਪਤਾਲ ਵਿਚਲੇ ਹਾਲਾਤ ਨੂੰ ਬਿਆਨ ਕਰਦਿਆਂ ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੇ ਗੁਰਬਤ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਵੀ ਖੁੱਦਾਰੀ ਦੇ ਪਰਚਮ ਨੂੰ ਬੁਲੰਦ ਰੱਖਿਆ।ਉਹਨਾਂ ਦੇ ਜੀਵਨ ਅਤੇ ਸ਼ੰਘਰਸ ਨਾਲ ਜੁੜੀਆਂ ਕਵਿਤਾਵਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੀਆਂ ਦਲਿਤ ਬੋਧ ਨਾਲ ਜੁੜੀਆਂ ਕਵਿਤਾਵਾਂ ਲੰਮੇ ਸਮੇਂ ਤੱਕ ਜ਼ਿੰਦਾ ਰਹਿਣਗੀਆਂ।ਉਹਨਾਂ ਇਨਕਲਾਬੀਆਂ ਨਾਲ ਮਿਲ ਕੇ ਸਮਾਜਿਕ ਵਿਤਕਰੇ, ਫਾਸੀਵਾਦ ਅਤੇ ਫਿਰਕਾਪ੍ਰਤੀ ਦੇ ਖਿਲਾਫ ਜੰਗ ਲੜੀ, ਸਰਕਾਰੀ ਤਸੀਹੇ ਝੱਲੇ, ਜ਼ਿੰਦਗੀ ਨੂੰ ਚਲਾਉਣ ਲਈ ਦਿਹਾੜੀਆਂ ਕੀਤੀਆਂ, ਚਾਹ ਵੇਚੀ ਅਤੇ ਚੌਕੀਦਾਰੀ ਵੀ ਕੀਤੀ।ਜੇਲ੍ਹ ਸਮੇਂ ਦਾ ਜ਼ਿਕਰ ਕਰਦਿਆਂ ਮਾ. ਤਰਲੋਚਨ ਨੇ ਦੱਸਿਆ ਕਿ ਜੇਲ੍ਹ ਅੰਦਰ ਉਹਨਾਂ ‘ਤੇ ਜਬਰਦਸਤ ਸਰਕਾਰੀ ਪਹਿਰਾ ਸੀ।ਪਰ ਫੇਰ ਵੀ ਉਹਨਾਂ ਕਾਗਜਾਂ ’ਤੇ ਕਾਵਿ ਰਚਨਾਵਾਂ ਕਰਕੇ ਜੁੱਤੀਆਂ ਦੇ ਤਲਿਆਂ ਦੇ ਖੋਲਾਂ ਵਿੱਚ ਲੁਕੋ ਕੇ ਇਨਕਲਾਬੀ ਸਾਹਿਤ ਜੇਲ੍ਹੋਂ ਬਾਹਰ ਭੇਜਿਆ ਸੀ।
                ‘ਦਿਲ’ ਦੇ ਨਜ਼ਦੀਕੀ ਰਹੇ ਇਨਕਲਾਬੀ ਸਖ਼ਸ਼ੀਅਤ ਦਰਸ਼ਨ ਖਟਕੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲਾਲ ਸਿੰਘ ‘ਦਿਲ’ ਨੂੰ ਕ੍ਰਾਂਤੀਕਾਰੀ ਅਤੇ ਪ੍ਰਤੀਬੱਧ ਲੇਖਕ ਦੱਸਿਆ।ਉਹਨਾਂ ਕਿਹਾ ਕਿ ਲਾਲ ਸਿੰਘ ‘ਦਿਲ’ ਨੇ ਜਮਾਤੀ ਤੇ ਜਾਤੀ ਵਿਵਸਥਾ ਨੂੰ ਪਿੰਡੇ ‘ਤੇ ਹੰਢਾਇਆ।ਉਹਨਾਂ ਕਿਹਾ ਕਿ ਲਾਲ ਸਿੰਘ ‘ਦਿਲ’ ਨੇ ਜੋ ਸ਼ਬਦਾਂ ਦੇ ਬੀਜ਼ ਬੀਜ਼ੇ ਸਨ, ਉਹ ਅੱਜ ਦਰੱਖ਼ਤ ਬਣ ਕੇ ਸਾਹਮਣੇ ਆ ਰਹੇ ਹਨ।‘ਦਿਲ’ ਦਾ ਫਰਮਾਨ ਸੀ ਕਿ ‘‘ਝੂਠ ਕਦੇ ਬੇਮਕਸਦ ਨਹੀਂ ਹੁੰਦਾ।’’ ਖਟਕੜ ਸਾਹਿਬ ਦਾ ਲੈਕਚਰ ਬਹੁਤ ਹੀ ਸਰਾਹਿਆ ਗਿਆ।
                   ਇਸੇ ਦੌਰਾਨ ‘ਦਿਲ’ ਦੀ ਜੀਵਨ ਗਾਥਾ ਅਤੇ ਉਸ ਦੇ ਜੀਵਨ ਸ਼ੰਘਰਸਾਂ ਤੇ ਕਵਿਤਾ ਸੰਸਾਰ ਨੂੰ ਦਰਸਾਉਂਦੀ ਮਾਸਟਰ ਤਰਲੋਚਨ ਸਿੰਘ ਦੁਆਰਾ ਤਿਆਰ ਕੀਤੀ ਦਸਤਾਵੇਜੀ ਫਿਲਮ ਹਾਜ਼ਰ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਦਿਖਾਈ ਗਈ, ਜੋ ਕਿ ਬੇਹੱਦ ਸਰਾਹੀ ਗਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …