Tuesday, March 3, 2026

ਖ਼ਾਲਸਾ ਮੈਨੇਜ਼ਮੈਂਟ ਐਲੂਮਨੀ ਐਸੋਸੀਏਸ਼ਨ ਵਲੋਂ ਕੈਨੇਡਾ ’ਚ ਟਰੂਡੋਂ ਤੇ ਜਗਮੀਤ ਦੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 25 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਨੇਡਾ ਵਿਖੇ ਲਗਾਤਾਰ ਮੁੜ ਤੀਜੀ ਵਾਰ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।ਕੈਨੇਡਾ ਵਿਖੇ ਲਿਬਰਲ ਪਾਰਟੀ ਦਾ ਕੰਜ਼ਰਵੇਟਿਵ ਪਾਰਟੀ ਦਰਮਿਆਨ ਚੋਣਾਂ ’ਚ ਹੋਏ ਤਕੜੇ ਮੁਕਾਬਲੇ ਉਪਰੰਤ ਟਰੂਡੋ ਇਕ ਵਾਰ ਫ਼ਿਰ ਸੱਤਾ ’ਤੇ ਕਾਬਜ਼ ਹੋਣ ਜਾ ਰਹੇ ਹਨ।
              ਉਨ੍ਹਾਂ ਨੇ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਪ੍ਰਧਾਨ ਜਗਮੀਤ ਸਿੰਘ ਨੂੰ ਪਾਰਟੀ ਵਲੋਂ 27 ਸੀਟਾਂ ਜਿੱਤਣ ’ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਉਣ ਵਾਲੀ ਟਰੂਡੋ ਸਰਕਾਰ ਦਾ ਮੁੱਖ ਹਿੱਸਾ ਹੋਣਗੇ।ਟਰੂਡੋ ਜੋ ਕਿ ਸਿੱਖਾਂ ਦੇ ਮਿੱਤਰ ਵਜੋਂ ਜਾਣੇ ਜਾਂਦੇ ਹਨ ਅਤੇ ਕੈਨੇਡੀਅਨ ਧਰਤੀ ’ਤੇ ਘੱਟ ਗਿਣਤੀ ਭਾਈਚਾਰੇ ਦਾ ਸਨਮਾਨ ਕਰਦੇ ਹਨ।
                ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਟਰੂਡੋਂ ਵਧਾਈ ਦੇ ਪਾਤਰ ਹਨ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਟਰੂਡੋ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਕੈਨੇਡਾ ਵਿਕਾਸ ਅਤੇ ਤਰੱਕੀ ਦਾ ਇਕ ਹੋਰ ਅਧਿਆਏ ਸਿਰਜੇਗਾ।ਉਨ੍ਹਾਂ ਕਿਹਾ ਕਿ ਟਰੂਡੋਂ ਨੇ 2015 ’ਚ ਚੋਣਾਂ ਜਿੱਤੀਆਂ ਸਨ, ਜਿਨ੍ਹਾਂ ਨੇ ਆਪਣੇ ਉਦਾਰਵਾਦੀ ਪਿਤਾ ਅਤੇ ਮਰਹੂਮ ਪ੍ਰਿਅਰ ਟਰੂਡੋ ਦੀ ਪ੍ਰਸਿੱਧੀ ਨੂੰ ਅਗਾਂਹ ਵਧਾਇਆ।ਉਨ੍ਹਾਂ ਕਿਹਾ ਕਿ ਟਰੂਡੋ ਦੁਨੀਆਂ ਦੇ ਕੁੱਝ ਉਦਾਰਵਾਦੀ ਨੇਤਾਵਾਂ ’ਚੋਂ ਇਕ ਹਨ।
              ਖਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਕਨਵੀਨਰ ਅਤੇ ਕੌਂਸਲ ਮੈਂਬਰ ਡਾ. ਦਵਿੰਦਰ ਸਿੰਘ ਛੀਨਾ ਨੇ ਉਨ੍ਹਾਂ ਦੀ ਪਾਰਟੀ ਦੇ ਉਮੀਦਾਰ ਸਰੀ ਨਿਊਟਨ ਤੋਂ 3 ਪੰਜਾਬੀ ਮੂਲ ਦੇ ਸੰਸਦ ਮੈਂਬਰ ਜਿੰਨ੍ਹਾਂ ’ਚ ਇਤਿਹਾਸਕ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਸੁੱਖ ਧਾਲੀਵਾਲ, ਬਰੈਂਮਪਟਨ ਦੇ ਸੰਸਦ ਮੈਂਬਰ ਸੋਨੀਆ ਸਿੱਧੂ (ਜਿਨ੍ਹਾਂ ਦੇ ਪਿਤਾ ਕਾਲਜ ਦੇ ਵਿਦਿਆਰਥੀ ਰਹੇ ਹਨ) ਤੋਂ ਇਲਾਵਾ ਪੰਜਾਬ ਦੇ ਸਰੀ ਸੈਂਟਰਲ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਹਰ ਸਿੱਖ ਦਾ ਮਾਣ ਵਿਦੇਸ਼ ’ਚ ਵਧਾਇਆ ਹੈ।ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਇਹ ਕੇ.ਸੀ.ਜੀ.ਏ.ਏ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਸੁੱਖ ਧਾਲੀਵਾਲ ਨੇ ਪੰਜ਼ਵੀਂ ਵਾਰ ਸੰਸਦ ਦੀ ਚੋਣ ਜਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਨੇ ਕੈਨੇਡਾ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ।
                 ਡਾ. ਛੀਨਾ ਨੇ ਕਿਹਾ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਵਿਸ਼ਵ ਭਰ ’ਚ ਫੈਲ ਗਏ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ’ਚ ਇਸ ਸੰਸਥਾ ਤੋਂ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਚਾਈਆਂ ਹਾਸਲ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਟਰੂਡੋ ਹਮੇਸ਼ਾਂ ਖ਼ਾਲਸਿਆਂ ਦੀ ਵਿਰਾਸਤ ਅਤੇ ਸੱਭਿਆਚਾਰ ਲਈ ਖੜੇ੍ਹ ਹੁੰਦੇ ਹਨ।ਸਮੂਹ ਭਾਈਚਾਰਾ ਚੋਣ ਨਤੀਜਿਆਂ ਤੋਂ ਖੁਸ਼ ਹੈ।
                ਉਨ੍ਹਾਂ ਕਿਹਾ ਕਿ ਖ਼ਾਲਸਾ ਮੈਨੇਜ਼ਮੈਂਟ ਟਰੂਡੋ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਆਉਣ ਦਾ ਸੱਦਾ ਦੇਵੇਗੀ।ਐਲੂਮਨੀ ਐਸੋਸੀਏਸ਼ਨ ਦੇ ਪੈਟਰਨ ਮੁਖਵਿੰਦਰ ਸਿੰਘ ਛੀਨਾ, ਕਰਤਾਰ ਸਿੰਘ ਪਹਿਲਵਾਨ, ਭੁਪਿੰਦਰ ਸਿੰਘ ਹੌਲੈਂਡ, ਹਰਪ੍ਰੀਤ ਸਿੰਘ ਭੱਟੀ, ਡੀ.ਐਸ ਰਟੌਲ ਨੇ ਵੀ ਟਰੂਡੋ ਅਤੇ ਜਗਮੀਤ ਨੂੰ ਵਧਾਈ ਦਿੱਤੀ।
                 ਜ਼ਿਕਰਯੋਗ ਹੈ ਕਿ ਸਾਲ 2018 ’ਚ ਜਦੋਂ ਟਰੂਡੋ ਆਪਣੀ ਕੈਬਨਿਟ ਨਾਲ ਭਾਰਤ ਫ਼ੇਰੀ ’ਤੇ ਇਥੇ ਆਏ ਸਨ, ਉਸ ਵੇਲੇ ਸੁੱਖ 2 ਹੋਰ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਅਤੇ ਸੋਨੀਆ ਸਿੱਧੂ ਜਿਨ੍ਹਾਂ ਨੇ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ, ਨੇ ਕਾਲਜ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਦਾ ਇੱਥੇ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ ਹੋਰ ਸਟਾਫ਼ ਤੇ ਵਿਦਿਆਰਥੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਸੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …