Saturday, April 18, 2026

ਡਿਪਟੀ ਕਮਿਸ਼ਨਰ ਵਲੋਂ ਸਮਾਰਟ ਸਿਟੀ ਦੇ ਕੰਮਾਂ ‘ਚ ਤੇਜ਼ੀ ਲਿਆਉਣ ਦੇ ਹੁਕਮ

7 ਥਾਵਾਂ ’ਤੇ ਸੂਰਜੀ ਊਰਜਾ ਪ੍ਰਾਜੈਕਟਾਂ ਦਾ ਕੰਮ 20 ਅਕਤੂਬਰ ਤੱਕ ਹੋਵੇਗਾ ਮੁਕੰਮਲ

ਕਪੂਰਥਲਾ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵਲੋਂ ਸੁਲਤਾਨਪੁਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਗਏ ਹਨ।ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਰੂ ਕੀ ਨਗਰੀ ਦੇ ਸਰਬਪੱਖੀ ਵਿਕਾਸ ਲਈ ਕੰਮਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਉਣ।
                    ਅੱਜ ਇਥੇ ਸਮਾਰਟ ਸਿਟੀ ਤਹਿਤ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਲੋਂ ਸੀਵਰੇਜ਼ ਟ੍ਰੀਟਮੈਂਟ ਪਲਾਂਟ, ਸੂਰਜੀ ਊਰਜਾ ਪ੍ਰਾਜੈਕਟਾਂ, ਕਿਲ੍ਹਾ ਸਰਾਏ ਦਾ ਨਵੀਨੀਕਰਨ, ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕਰਨ, ਕਾਲੀ ਵੇਂਈ ਦੀ ਲਾਈਨਿੰਗ, ਆਕਸੀਜਨ ਪਲਾਂਟ ਦੀ ਸਥਾਪਨਾ ਬਾਰੇ ਕੰਮਾਂ ਦਾ ਮੁਲਾਂਕਣ ਕੀਤਾ ਗਿਆ।ਉਨਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 26 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੰਤਘਾਟ ਤੱਕ ਪਵਿੱਤਰ ਕਾਲੀ ਵੇਂਈ ਦੀ ਲਾਈਨਿੰਗ, ਪੱਥਰ ਲਾਉਣ ਅਤੇ ਰੇਲਿੰਗ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ।ਇਸ ਤੋਂ ਇਲਾਵਾ ਸੁਲਤਾਨਪੁਰ ਡਰੇਨ ਦੀ ਰੀਲਾਇਨਿੰਗ ਤੋਂ ਉਸ ਦੇ ਆਸੇ-ਪਾਸੇ 12 ਹਜ਼ਾਰ ਫੁੱਟ ਲੰਬੀ ਗਰਿੱਲ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਵੀ ਕੀਤਾ ਜਾਣਾ ਹੈ।
                  ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਆਕਸੀਜ਼ਨ ਪਲਾਂਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਇਸ ਸਬੰਧੀ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਬੋਰਡ ਵਲੋਂ ਮੁੱਢਲਾ ਢਾਂਚਾ ਤਿਆਰ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਆਕਸੀਜਨ ਪਲਾਂਟ 18 ਅਕਤੂਬਰ ਤੱਕ ਪਹੁੰਚਣ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਆਕਸੀਜਨ ਪਲਾਂਟ ਚਾਲੂ ਕਰ ਦਿੱਤਾ ਜਾਵੇਗਾ।
                 ਉਨਾਂ ਸਰਕਾਰੀ ਸਕੂਲ ਲੜਕੀਆਂ, ਪ੍ਰਾਇਮਰੀ ਸਕੂਲ ਅਤੇ ਸਮਾਰਟ ਆਂਗਣਵਾੜੀ ਦੀ ਸਥਾਪਨਾ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਰਟ ਸਕੂਲਾਂ ਦੀ ਪਰਿਭਾਸ਼ਾ ਅਨੁਸਾਰ ਲੋੜੀਂਦੀ ਸਮੱਗਰੀ, ਵਸਤੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ।
                  ਇਸ ਤੋਂ ਇਲਾਵਾ ਉਨਾਂ ਪੰਜਾਬ ਊਰਜਾ ਵਿਕਾਸ ਏਜੰਸੀ ਵਲੋਂ ਸੁਲਤਾਨਪੁਰ ਸ਼ਹਿਰ ਵਿਚ ਸੂਰਜੀ ਊਰਜਾ ਦੇ ਪ੍ਰਾਜੈਕਟਾਂ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ।ਇਸ ਤਹਿਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ 150 ਕਿਲੋਵਾਟ, ਨਗਰ ਕੌਂਸਲ ਦਫਤਰ ਵਿਖੇ 10 ਕਿਲੋਵਾਟ, ਸਰਕਾਰੀ ਸਕੂਲ (ਲੜਕੇ) ਵਿਖੇ 20 ਅਤੇ ਪੀ.ਡਬਲਯੂ.ਡੀ ਅਤੇ ਬੀ.ਡੀ.ਪੀ.ਓ ਦਫਤਰ ਵਿਖੇ 15-15 ਕਿਲੋਵਾਟ ਦੇ ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾਣੇ ਹਨ।ਇਨਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਨੂੰ 20 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
                    ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …