ਸ਼ਹਿਰ ਵਿੱਚ ਆਟੋ ਰਿਕਸ਼ਾ ਲਈ ਬਣਾਏ ਜਾਣਗੇ ਆਟੋ ਸਟੈਂਡ – ਮੇਅਰ
ਅੰਮ੍ਰਿਤਸਰ, 8 ਅਕਤੂਬਰ (ਜਗਦੀਪ ਸਿੰਘ) – ਸ਼ਹਿਰ ਦੇ ਵੱਖ-ਵੱਖ ਆਟੋ ਰਿਕਸ਼ਾ ਸਟੈਂਡਾਂ ਦੇ ਡਰਾਈਵਰਾਂ ਨੇ ਆਪਣੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਇੱਕ
ਸਹਿਕਾਰੀ ਸੁਸਾਇਟੀ ਬਣਾਈ ਹੈ।ਬੱਸ ਸਟੈਂਡ, ਰੇਲਵੇ ਸਟੇਸ਼ਨ, ਸਿਟੀ ਸੈਂਟਰ, ਦੁਰਗਿਆਨਾ ਮੰਦਰ, ਗੋਲਬਾਗ, ਹਾਲ ਗੇਟ ਆਦਿ ਦੇ ਆਟੋ ਸਟੈਂਡਾਂ ਦੇ ਡਰਾਈਵਰਾਂ ਦੁਆਰਾ ਬਣਾਈ ਗਈ ਇਸ ਸੁਸਾਇਟੀ ਲਈ ਸਮਾਰਟ ਸਿਟੀ ਮਿਸ਼ਨ ਦੇ ਰਾਹੀ ਪ੍ਰੋਜੈਕਟ ਦੇ ਤਹਿਤ ਤਕਨੀਕੀ ਸਹਾਇਤਾ ਦਿੱਤੀ ਗਈ ਹੈ ।
ਸੁਸਾਇਟੀ ਦੇ ਪ੍ਰਧਾਨ ਬਿਕਰਮਜੀਤ ਲਾਡੀ ਨੇ ਕਿਹਾ ਕਿ ਸ਼ਹਿਰ ਵਿੱਚ 20 ਹਜ਼ਾਰ ਤੋਂ ਵੱਧ ਆਟੋ ਚਾਲਕ ਹਨ, ਪਰ ਇੱਕ ਵੀ ਸੰਸਥਾ ਨਾ ਹੋਣ ਕਾਰਨ ਆਟੋ ਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ।ਇਸ ਲਈ, ਆਟੋ ਰਿਕਸ਼ਾ ਚਾਲਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ।ਜੋ ਸਰਕਾਰ ਅਤੇ ਪ੍ਰਸ਼ਾਸਨ ਦੇ ਵਿੱਚ ਇੱਕ ਪੁੱਲ ਦਾ ਕੰਮ ਕਰੇਗੀ
ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਹੋਈ ਮੀਟਿੰਗ ਵਿੱਚ ਸੁਸਾਇਟੀ ਦੇ ਮੈਂਬਰਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਸੌਂਪਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਹ ਦੇਸ਼ ਦੀ ਦੂਜੀ ਆਟੋ-ਰਿਕਸ਼ਾ ਚਾਲਕ ਸਹਿਕਾਰੀ ਸਭਾ ਹੈ, ਅਜਿਹੀ ਸੁਸਾਇਟੀ ਇਸ ਤੋਂ ਪਹਿਲਾਂ ਸਿਰਫ ਕੇਰਲਾ ਦੇ ਕੋਚੀ ਸ਼ਹਿਰ ਵਿੱਚ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸੁਸਾਇਟੀ ਨੂੰ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਆਟੋ ਰਿਕਸ਼ਾ ਸਟੈਂਡ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਜਾਵੇਗੀ।ਇਸ ਨਾਲ ਆਮ ਲੋਕ ਨਿਰਧਾਰਤ ਸਥਾਨ ਤੋਂ ਆਟੋ ਲੈ ਸਕਣਗੇ ਅਤੇ ਆਟੋ ਰਿਕਸ਼ਾ ਵੀ ਇਥੇ-ਉਥੇ ਰੁਕਣ ਦੀ ਬਜਾਏ ਸਟੈਂਡਾਂ `ਤੇ ਖੜ੍ਹੇ ਹੋਣਗੇ।ਜਿਸ ਨਾਲ ਜਾਮ ਤੋਂ ਵੀ ਬਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਰਾਹੀ ਪ੍ਰੋਜੈਕਟ ਅਧੀਨ ਸੁਸਾਇਟੀ ਦੇ ਮੈਂਬਰਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਮੁਫਤ ਹੁਨਰ ਵਿਕਾਸ ਦੇ ਕੋਰਸ ਵੀ ਕਰਵਾਏ ਜਾਣਗੇ ਤਾਂ ਜੋ ਉਹ ਵੀ ਸਵੈ-ਰੁਜ਼ਗਾਰ ਕਰਕੇ ਪਰਿਵਾਰ ਦੀ ਆਰਥਿਕ ਸਹਾਇਤਾ ਕਰ ਸਕਣ। ਇਸ ਤੋਂ ਇਲਾਵਾ, ਆਉਣ ਵਾਲੇ ਸਮੇਂ ਵਿੱਚ, ਆਟੋ ਰਿਕਸ਼ਾ ਚਾਲਕਾਂ ਨੂੰ ਰਾਹੀ ਸਕੀਮ ਦੇ ਅਧੀਨ ਸੌਫਟ ਸਕਿਲ ਅਤੇ ਟੂਰਿਸਟ ਗਾਈਡ ਆਦਿ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਨਗਰ ਨਿਗਮ ਕਮਿਸ਼ਨਰ ਅਤੇ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਰਾਹੀ ਪ੍ਰੋਜੈਕਟ ਦੇ ਤਹਿਤ ਈ-ਆਟੋ ਰਿਕਸ਼ਾ ਖਰੀਦਣ ਲਈ 75000 ਰੁਪਏ ਦੀ ਸਬਸਿਡੀ ਅਤੇ ਸਟੇਟ ਬੈਂਕ ਆਫ਼ ਇੰਡੀਆ ਤੋਂ ਸਸਤੀਆਂ ਦਰਾਂ `ਤੇ ਲੋਨ ਵੀ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਈ-ਆਟੋ ਜਨਤਕ ਆਵਾਜਾਈ ਦਾ ਭਵਿੱਖ ਹੈ, ਜਿਸ ਕਾਰਨ ਸ਼ਹਿਰ ਦਾ ਵਾਤਾਵਰਣ ਵੀ ਸਾਫ਼ ਰਹੇਗਾ ਅਤੇ ਈ-ਆਟੋ ਤੋਂ ਰਿਕਸ਼ਾ ਚਾਲਕਾਂ ਦੀ ਕਮਾਈ ਵੀ ਵਧੇਗੀ।ਕਿਉਂਕਿ ਵਰਤਮਾਨ ਸਮੇਂ ਵਿੱਚ, ਇੱਕ ਡੀਜ਼ਲ ਆਟੋ ਚਲਾਉਣ ਦੀ ਕੀਮਤ 4 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਗਈ ਹੈ, ਜਦੋਂ ਕਿ ਇੱਕ ਈ-ਆਟੋ ਵਿੱਚ ਇਹ ਸਿਰਫ 0.68 ਪੈਸੇ ਪ੍ਰਤੀ ਕਿਲੋਮੀਟਰ ਹੈ ।
ਇਸ ਮੌਕੇ ਨਰਿੰਦਰ ਚੌਧਰੀ ਉਪ ਪ੍ਰਧਾਨ ਆਟੋ ਸੁਸਾਇਟੀ, ਸੁਰਿੰਦਰਪਾਲ ਖੰਜਾਚੀ ਆਟੋ ਸੁਸਾਇਟੀ ਅਤੇ ਹੋਰ ਆਟੋ ਰਿਕਸ਼ਾ ਚਾਲਕ ਵੀ ਮੌਜ਼ੂਦ ਸਨ।
Punjab Post Daily Online Newspaper & Print Media