Monday, July 6, 2026

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਆਈ.ਏ.ਐਸ ਕਿਰਨਦੀਪ ਕੌਰ ਨੇ ਨੌਜਵਾਨਾਂ ਨੂੰ ਦੱਸੇ ਸਫਲਤਾ ਦੇ ਗੁਰ

ਕਿਹਾ, ਮਿਹਨਤ ਤੇ ਪ੍ਰਤੀਬੱਧਤਾ ਨਾਲ ਕੋਈ ਵੀ ਬਣ ਸਕਦੈ ਆਈ.ਏ.ਐਸ ਅਫ਼ਸਰ

ਨਵਾਂਸ਼ਹਿਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਅੱਜ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ।ਜਿਸ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਅਤੇ 2021 ਬੈਚ ਦੀ ਆਈ.ਏ.ਐਸ ਅਫ਼ਸਰ ਮਿਸ ਕਿਰਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਗੁਰ ਦੱਸੇ।ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਕਿਹਾ ਕਿ ਕੋਈ ਵੀ ਕੰਮ ਔਖਾ ਨਹੀਂ ਹੈ ਅਤੇ ਕੇਵਲ ਇਸ ਲਈ ਮਿਹਨਤ, ਲਗਨ ਅਤੇ ਪ੍ਰਤੀਬੱਧਤਾ ਨਾਲ ਪੜ੍ਹਾਈ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਰਨਦੀਪ ਕੌਰ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ ਅਫ਼ਸਰ ਬਣੀ ਹੈ, ਉਸੇ ਤਰ੍ਹਾਂ ਉਹ ਵੀ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰ ਸਕਦੇ ਹਨ।ਉਨ੍ਹਾਂ ਕਿਰਨਦੀਪ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਕਿਰਨਦੀਪ ਕੌਰ ਨੇ ਆਈ.ਏ.ਐਸ ਬਣਨ ਲਈ ਕੀਤੀ ਦਿਨ-ਰਾਤ ਮਿਹਨਤ ਸਬੰਧੀ ਆਪਣੇ ਤਜ਼ਰਬੇ ਨੌਜਵਾਨਾਂ ਨਾਲ ਸਾਂਝੇ ਕੀਤੇ।ਉਸ ਨੇ ਕਿਹਾ ਕਿ ਟੀਚਾ ਮਿੱਥ ਕੇ ਉਸ ਨੂੰ ਹਾਸਲ ਕਰਨ ਲਈ ਜੀਅ-ਜਾਨ ਨਾਲ ਕੀਤੀ ਮਿਹਨਤ ਨੂੰ ਸਦਾ ਫਲ ਲੱਗਦਾ ਹੈ।ਉਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਵਿਚ ਸਫਲ ਹੋਣ ਲਈ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ ਅਤੇ ਉਨ੍ਹਾਂ ਦੇ ਪ੍ਰੀਖਿਆ ਸਬੰਧੀ ਸਾਰੇ ਸ਼ੰਕਿਆਂ ਦਾ ਨਿਵਾਰਣ ਕੀਤਾ।ਕਿਰਨਦੀਪ ਕੌਰ ਨੇ ਬਿਊਰੋ ਵਿਖੇ ਸਥਾਪਿਤ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ।
                    ਇਸ ਮੌਕੇ ਕਿਰਨਦੀਪ ਕੌਰ ਸਹੋਤਾ ਦੇ ਪਿਤਾ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵਰਨ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਕਰੀਅਰ ਕਾਊਂਸਲਰ ਹਰਮਨਦੀਪ ਸਿੰਘ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …