ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਣ ’ਤੇ ਕੱਟੇ ਜਾਣਗੇ ਚਲਾਨ
ਨਵਾਂਸ਼ਹਿਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਅਧਿਕਾਰੀਆਂ ਨੂੰ ਸਖ਼ਤ
ਹਦਾਇਤਾਂ ਜਾਰੀ ਕੀਤੀਆਂ ਹਨ।ਉਨ੍ਹਾਂ ਵੱਲੋਂ ਜਿਥੇ ਲਗਾਤਾਰ ਫੌਗਿੰਗ ਦੇ ਆਦੇਸ਼ ਦਿੱਤੇ ਗਏ ਹਨ, ਉਥੇ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਟੈਸਟਿੰਗ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਡੇਂਗੂ ਦੇ ਮਰੀਜ਼ਾਂ ਲਈ 20 ਬੈਡ ਰਾਖਵੇਂ ਰੱਖੇ ਗਏ ਹਨ, ਜਿਥੇ ਫਿਲਹਾਲ ਕੋਈ ਮਰੀਜ਼ ਦਾਖ਼ਲ ਨਹੀਂ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰਨਾਂ ਸਿਹਤ ਕੇਂਦਰਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਲਈ ਬੈਡ ਰਾਖਵੇਂ ਹਨ।ਉਨ੍ਹਾਂ ਕਿਹਾ ਕਿ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਡੇਂਗੂ ਕੇਸਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਦੇਣੀ ਲਾਜ਼ਮੀ ਕੀਤੀ ਗਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਅਤੇ ਇਲਾਜ਼ ਦੀ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਡੇਂਗੂ ਦੀ ਜਾਂਚ ਲਈ ਲੋੜੀਂਦੀਆਂ ਕਿੱਟਾਂ ਸਰਕਾਰੀ ਹਸਪਤਾਲਾਂ ਵਿਚ ਉਪਲਬੱਧ ਹਨ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲੇਗਾ, ਉਨ੍ਹਾਂ ਦੇ ਚਲਾਨ ਕੱਟੇ ਜਾਣਗੇ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਆਪਣੇ ਜ਼ਿਲ੍ਹੇ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਅ ਸਕਦੇ ਹਾਂ।
Punjab Post Daily Online Newspaper & Print Media