ਸਿਆਸੀ ਸ਼ਹਿ ਕਾਰਨ ਹੀ ਨਹੀਂ ਖਤਮ ਹੋ ਰਿਹਾ ਭ੍ਰਿਸ਼ਟਾਚਾਰ -ਪ੍ਰਧਾਨ ਬਾਲਿਓਂ
ਸਮਰਾਲਾ, 11 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਫਰੰਟ ਪ੍ਰਧਾਨ ਅਮਰਜੀਤ ਸਿੰਘ
ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਿਛਲੇ ਮਹੀਨੇ ਦੀ ਰਿਪੋਰਟ ਜਰਨਲ ਸਕੱਤਰ ਸਵਿੰਦਰ ਸਿੰਘ ਨੇ ਪੜ੍ਹ ਕੇ ਸੁਣਾਈ।ਮੀਟਿੰਗ ਦੀ ਸ਼ੁਰੂਆਤ ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਦੇ ਲੜਕੇ ਵਲੋਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਕਿਸਾਨਾਂ ਉਪਰ ਜੀਪ ਚਾੜ ਦੇਣ ਵਜੋਂ 4 ਕਿਸਾਨਾਂ ਸਮੇਤ ਜਿੰਨਾਂ 8 ਜਣਿਆਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਉਪਰੰਤ ਅਵਤਾਰ ਸਿੰਘ ਉਟਾਲਾਂ, ਕੇਵਲ ਸਿੰਘ ਮੰਜ਼ਾਲੀਆਂ, ਮਨਜੀਤ ਸਿੰਘ ਦਹਿੜੂ ਅਤੇ ਜਗੀਰਾ ਰਾਮ ਨੇ ਆਪਣੇ ਵਿਚਾਰ ਰੱਖੇ।
ਅੱਜ ਦੀ ਮੀਟਿੰਗ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਫਰੰਟ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਪੁੱਜੇ। ਜਿਨ੍ਹਾਂ ਅੱਗੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਵਲੋਂ ਫਰੰਟ ਵਲੋਂ ਭਗਵਾਨਪੁਰਾ ਰੋਡ ‘ਤੇ ਉਸਾਰੇ ਜਾ ਰਹੇ ਦਫਤਰ ਪ੍ਰਤੀ ਪੈਦਾ ਕੀਤੀਆਂ ਜਾ ਰਹੀਆਂ ਅੜਚਣਾਂ ਨੂੰ ਦੂਰ ਕਰਕੇ, ਮੁਕੰਮਲ ਕਰਵਾਉਣ ਦੀ ਮੰਗ ਕੀਤੀ ਗਈ।ਜਿਸ ‘ਤੇ ਹਲਕਾ ਵਿਧਾਇਕ ਢਿੱਲੋਂ ਨੇ ਇਸ ਕੰਮ ਵਿੱਚ ਆ ਰਹੀਆਂ ਅੜਚਣਾਂ ਨੂੰ ਦੂਰ ਕਰਵਾਉਣ ਦਾ ਭਰੋਸਾ ਦਿਵਾਇਆ।ਅਖੀਰ ਵਿੱਚ ਅਮਰਜੀਤ ਸਿੰਘ ਬਾਲਿਓਂ ਨੇ ਸਮਾਜ ਅਤੇ ਸਰਕਾਰੀ ਦਫਤਰਾਂ ਵਿੱਚ ਫੈਲੀ ਭ੍ਰਿਸ਼ਟਾਚਾਰ ਵਰਗੀ ਕੁਰੀਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਕਿਹਾ ਕਿ ਜਦੋਂ ਤੱਕ ਅਫਸਰਸ਼ਾਹੀ ਨੂੰ ਸਿਆਸੀ ਸ਼ਹਿ ਮਿਲਦੀ ਰਹੇਗੀ, ਉਦੋਂ ਤੱਕ ਸਰਕਾਰੀ ਦਫਤਰਾਂ ਵਿਚੋਂ ਭ੍ਰਿਸ਼ਟਾਚਾਰ ਖਤਮ ਹੋਣਾ ਮੁਸ਼ਕਿਲ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਮਾਛੀਵਾੜਾ, ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਕਾਮਰੇਡ ਬੰਤ ਸਿੰਘ, ਰਜਿੰਦਰ ਸਿੰਘ, ਸੁਭਾਸ਼ ਸਿਹਾਲਾ, ਮੇਲਾ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media