ਨਵਾਂਸ਼ਹਿਰ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਚ ਅਗੇਤੇ ਮਟਰਾਂ ਦੀ ਕਾਸ਼ਤ ਲਾਹੇਵੰਦ ਸਾਬਤ ਹੋ ਰਹੀ ਹੈ।ਅਗੇਤੇ ਮਟਰਾਂ ਦੀ ਕਾਸ਼ਤ ਮੁੱਖ ਤੌਰ ’ਤੇ
ਜ਼ਿਲ੍ਹਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਅੰਮ੍ਰਿਤਸਰ ਵਿੱਚ ਤਕਰੀਬਨ 21000 ਹੈਕਟੇਅਰ ਵਿਚ ਕੀਤੀ ਜਾਂਦੀ ਹੈ।ਅੱਜ ਮਟਰਾਂ ਦੀ ਨੋਡਲ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਅਗੇਤੀ ਮਟਰਾਂ ਦੀ ਕਾਸ਼ਤ ਵਾਲੇ ਪਿੰਡਾਂ ਮੀਰਪੁਰ ਜੱਟਾਂ, ਅਟਾਲਾ, ਜਾਡਲਾ, ਬੀਰੋਵਾਲ, ਮਹਿੰਦਪੁਰ ਉਲੱਦਣੀ, ਸ਼ਾਹਪੁਰ ਪੱਟੀ, ਮਜਾਰਾ ਕਲਾਂ ਆਦਿ ਦਾ ਦੌਰਾ ਕੀਤਾ।ਇਸ ਟੀਮ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਮੁਹਾਲੀ-ਕਮ-ਨੋਡਲ ਅਫ਼ਸਰ ਮਟਰ (ਪੰਜਾਬ) ਦਿਨੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ-ਕਮ-ਸਹਾਇਕ ਨੋਡਲ ਅਫ਼ਸਰ ਮਟਰ (ਪੰਜਾਬ) ਜਗਦੀਸ਼ ਸਿੰਘ ਅਤੇ ਬਾਗਬਾਨੀ ਵਿਕਾਸ ਅਫ਼ਸਰ ਨਵਾਂਸ਼ਹਿਰ ਰਾਜੇਸ਼ ਕੁਮਾਰ ਸ਼ਾਮਲ ਸਨ।
ਡਿਪਟੀ ਡਾਇਰੈਕਟਰ ਬਾਗਬਾਨੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਕਿ ਇਸ ਸਾਲ ਬਿਜਾਈ ਸਮੇਂ ਬਾਰਿਸ਼ਾਂ ਹੋਣ ਕਾਰਨ ਮਟਰਾਂ ਦੀ ਫ਼ਸਲ ਦਾ ਨੁਕਸਾਨ ਹੋਣ ਦੇ ਬਾਵਜ਼ੂਦ 3430 ਹੈਕਟੇਅਰ ਰਕਬਾ ਅਗੇਤੇ ਮਟਰਾਂ ਦੀ ਕਾਸ਼ਤ ਅਧੀਨ ਹੈ।ਉਨ੍ਹਾਂ ਦੱਸਿਆ ਕਿ ਅੱਜਕਲ੍ਹ ਬਹੁਤੀ ਅਗੇਤੀ ਫ਼ਸਲ ਦੀ ਤੁੜਾਈ ਸ਼ੁਰੂ ਹੋ ਚੁੱਕੀ ਹੈ, ਪ੍ਰੰਤੂ ਭਰਵੀਂ ਤੁੜਾਈ 15-20 ਨਵੰਬਰ ਵਿਚ ਆਉਣ ਦੀ ਆਸ ਹੈ।ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਦੱਸਿਆ ਕਿ ਜਦੋਂ ਫਲ਼ੀ ਵਿਚ 3-4 ਦਾਣੇ ਹੁੰਦੇ ਹਨ ਤਾਂ ਇਸ ਦੀ ਉਪਜ ਘੱਟ ਹੋਣ ਕਾਰਨ ਰੇਟ ਵੀ ਘੱਟ ਮਿਲਦਾ ਹੈ, ਕਿਉਂਕਿ ਇਸ ਵਿਚ ਲੋੜੀਂਦੀ ਮਿਠਾਸ ਨਹੀਂ ਹੁੰਦੀ।ਇਸ ਲਈ ਕਿਸਾਨ ਅੱਗੇ ਤੋਂ ਬਿਜਾਈ ਕੁਝ ਦੇਰ ਨਾਲ ਕਰਨ, ਕਿਉਂਕਿ ਮਟਰਾਂ ਦੀ ਫਲ਼ੀ ਵਿਚ ਘੱਟੋ-ਘੱਟ 6 ਦਾਣੇ ਹੋਣ ਨਾਲ ਲੋੜੀਂਦੀ ਮਿਠਾਸ ਹੋ ਜਾਂਦੀ ਹੈ ਅਤੇ ਉਪਜ ਵੀ ਵੱਧ ਹੋਣ ਨਾਲ ਮੰਡੀ ਵਿਚ ਭਾਅ ਚੰਗਾ ਮਿਲਦਾ ਹੈ।ਬਾਗਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਟਰਾਂ ਦੀ ਫ਼ਸਲ ਨੂੰ ਫਾਸਫੋਰਸ ਖ਼ਾਦਾਂ ਦੀ ਲੋੜ ਜ਼ਿਆਦਾ ਹੁੰਦੀ ਹੈ।ਇਸ ਨੂੰ ਵੱਧ ਯੂਰੀਆ ਪਾਉਣ ਨਾਲ ਅਗੇਤੀ ਉਪਜ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਫਲ਼ੀ ਸ਼ੁਰੂ ਹੋਣ ਸਮੇਂ ਤੋਂ ਐਨ.ਪੀ.ਕੇ (1919) ਇਕ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ੇ ਤੇ ਵਕਫ਼ੇ ’ਤੇ 2-3 ਸਪਰੇਆਂ ਕਰਵਾਈਆਂ ਜਾਣ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media