Tuesday, March 3, 2026

ਮਾਝੇ ‘ਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਅੰਮ੍ਰਿਤਸਰ ਪੁੱਜੇ ਲੋਕ ਨਿਰਮਾਣ ਮੰਤਰੀ

ਰਾਮਤੀਰਥ ਵਿਖੇ ਲੱਗਣਗੀਆਂ 2.20 ਕਰੋੜ ਦੀ ਲਾਗਤ ਨਾਲ ਲਾਈਟਾਂ-ਸਿੰਗਲਾ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਤੇ ਤਰਨਤਾਰਨ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਸਮੀਖਿਆ ਕਰਨ ਲਈ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਅੱਜ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਪੁੱਜੇ।ਉਨਾਂ ਦੋਵਾਂ ਜਿਲਿਆਂ ਦੇ ਵਿਧਾਇਕ ਸਾਹਿਬਾਨ ਤੇ ਅਧਿਕਾਰੀਆਂ ਨਾਲ ਵਿਭਾਗ ਦੇ ਕੰਮਾਂ ਬਾਰੇ ਜਿੱਥੇ ਪ੍ਰਗਤੀ ਦਾ ਜਾਇਜ਼ਾ ਲਿਆ, ਉਥੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਛੇਤੀ ਤੋਂ ਛੇਤੀ ਪੂਰੇ ਕਰਕੇ ਲੋਕ ਅਰਪਿਤ ਕੀਤੇ ਜਾਣ।ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਧਰਮਵੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਕਾਰੋਪਰੇਸ਼ਨ ਮਲਵਿੰਦਰ ਸਿੰਘ ਜੱਗੀ, ਕੋਸਲਰ ਵਿਕਾਸ ਸੋਨੀ, ਚੀਫ ਇੰਜੀਨੀਅਰ ਅਸ਼ਵਨੀ ਸ਼ਰਮਾ, ਐਕਸੀਅਨ ਜਸਬੀਰ ਸਿੰਘ ਸੋਢੀ, ਐਕਸੀਅਨ ਇੰਦਰਜੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
                   ਸਿੰਗਲਾ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਕੰਮਾਂ ਲਈ ਕਈ ਵਿਭਾਗਾਂ ਦਾ ਸਹਿਯੋਗ ਲੈਣਾ ਪੈਂਦਾ ਹੈ, ਜਿਨਾ ਵਿਚ ਜੰਗਲਾਤ, ਬਿਜਲੀ, ਵਾਟਰ ਸਪਲਾਈ ਵਰਗੇ ਵਿਭਾਗ ਸ਼ਾਮਿਲ ਹਨ।ਕਈ ਵਾਰ ਸਾਡੇ ਕੰਮ ਉਕਤ ਵਿਭਾਗਾਂ ਕੋਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਾਂ ਹੋਰ ਕੰਮਾਂ ਕਾਰਨ ਅਟਕੇ ਰਹਿੰਦੇ ਹਨ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਵਿਭਾਗਾਂ ਨਾਲ ਤਰੁੰਤ ਤਾਲਮੇਲ ਕਰਕੇ ਰੁੱਕੇ ਕੰਮ ਪੂਰੇ ਕਰਵਾਏ ਜਾਣ ਅਤੇ ਜੇਕਰ ਕਿਧਰੇ ਕੋਈ ਸਮੱਸਿਆ ਆਵੇ ਤਾਂ ਸਬੰਧਤ ਹਲਕਾ ਵਿਧਾਇਕ ਜਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਜਾਵੇ।ਸਿੰਗਲਾ ਨੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦੀ ਮੰਗ ‘ਤੇ ਸ੍ਰੀ ਰਾਮਤੀਰਥ ਨੂੰ ਜਾਂਦੇ ਰਸਤੇ ਅਤੇ ਤੀਰਥ ਸਥਾਨ ਉਤੇ ਲਾਈਟਾਂ ਲਗਾਉਣ ਲਈ 2.20 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ।ਸਿੰਗਲਾ ਨੇ ਮੁੱਖ ਦਫਤਰ ਵਿਖੇ ਬਕਾਇਆ ਪਈਆਂ ਫਾਇਲਾਂ ਨੂੰ ਕੱਲ ਸ਼ਾਮ ਤੱਕ ਨਿਪਟਾਉਣ ਦੀ ਹਦਾਇਤ ਕਰਕੇ ਚੀਫ ਇੰਜੀਨੀਅਰ ਨੂੰ ਕਿਹਾ ਕਿ ਦੋਵਾਂ ਜਿਲਿਆਂ ਦੇ ਕੰਮਾਂ ਦੀਆਂ ਰਹਿੰਦੀਆਂ ਪ੍ਰਵਾਨਗੀਆਂ ਕੱਲ ਤੱਕ ਜਾਰੀ ਕਰ ਦਿੱਤੀਆਂ ਜਾਣ, ਤਾਂ ਜੋ ਕੰਮ ਸਮੇਂ ਸਿਰ ਸ਼ੁਰੂ ਹੋ ਸਕਣ।ਸਿੰਗਲਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਠੇਕੇਦਾਰਾਂ ਨਾਲ ਲਗਾਤਾਰ ਰਾਬਤਾ ਰੱਖ ਕੇ ਜਿੱਥੇ ਕੰਮ ਸਮੇਂ ਸਿਰ ਪੂਰੇ ਕਰਵਾਏ ਜਾਣੇ ਯਕੀਨੀ ਬਣਾਏ ਜਾਣ, ਉਥੇ ਕੰਮ ਦੀ ਗੁਣਵਤੇ ਉਤੇ ਕੋਈ ਸਮਝੌਤਾ ਨਾ ਕੀਤਾ ਜਾਵੇ।ਸਿੰਗਲਾ ਨੇ ਵਿਧਾਇਕਾਂ ਕੋਲੋਂ ਉਨਾਂ ਦੇ ਹਲਕੇ ‘ਚ ਹੋਣ ਵਾਲੇ ਕੰਮਾਂ ਦਾ ਵੇਰਵਾ ਲਿਆ ਤੇ ਹੋਰ ਕੰਮ ਕਰਵਾਉਣ ਲਈ ਸੁਝਾਅ ਵੀ ਲਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …