ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਬਾਅਦ ਪੈ੍ਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ
ਕਿਹਾ ਕਿ ਮੌਜੂਦਾ ਸਮੇਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਰੂਪ ਵਿਚ ਅੱਗੇ ਵਧਾਉਣ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਨੂੰ ਵੀ ਵਰਤਮਾਨ ਸਮੇਂ ਦੇ ਅਨੁਸਾਰ ਨਵੀਂ ਦਿਸ਼ਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਭ ਦੀ ਸਾਂਝੀ ਸੰਸਥਾ ਹੈ ਅਤੇ ਹਰ ਸਿੱਖ ਨੂੰ ਇਸ ਦੇ ਕਾਰਜ਼ਾਂ ਵਿਚ ਸਹਿਯੋਗੀ ਬਣਨਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਅਤੇ ਕਾਰਜ ਵੱਡੀ ਜ਼ੁੰਮੇਵਾਰੀ ਵਾਲੀ ਵਾਲਾ ਹੈ ਅਤੇ ਉਹ ਇਸ ਨੂੰ ਨਿਭਾਉਣ ਲਈ ਸੰਗਤ ਦਾ ਸਹਿਯੋਗ ਪ੍ਰਾਪਤ ਕਰਨਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਇਕ ਮਰਯਾਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਵਿਰੋਧੀ ਮੈਂਬਰ ਗੁਰੂ ਸਾਹਿਬ ਦੇ ਸਤਿਕਾਰ ਨੂੰ ਭੁੱਲ ਕੇ ਹੁੱਲੜਬਾਜ਼ੀ ਕਰਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਮਰਯਾਦਾ ਦਾ ਉਲੰਘਣ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਕਿਉਂਕਿ ਗੁਰੂ ਆਸ਼ੇ ਦੇ ਨਾਲ-ਨਾਲ ਸਮਾਜਿਕ ਆਸ਼ੇ ਅਨੁਸਾਰ ਵੀ ਇਸ ਨੂੰ ਕੋਈ ਥਾਂ ਨਹੀਂ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ’ਤੇ ਵਿਚਾਰ ਕੀਤੀ ਜਾ ਸਕਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਵਿਚਾਰ ਦੀ ਥਾਂ ਜਾਣਬੁਝ ਕੇ ਵਿਰੋਧੀਆਂ ਵੱਲੋਂ ਮਾਹੌਲ ਖਰਾਬ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੁਝ ਮੈਂਬਰਾਂ ਵੱਲੋਂ ਮਾਹੌਲ ਖਰਾਬ ਕਰਨ ਕਰਕੇ ਜਨਰਲ ਹਾਊਸ ਵਿਚ ਲਿਆਂਦੇ ਕੁਝ ਅਹਿਮ ਮਤੇ ਵੀ ਨਹੀਂ ਪੜ੍ਹੇ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦਾ ਸੁਪਰੀਮ ਹਾਊਸ ਹੈ ਅਤੇ ਇਥੋਂ ਉਠਾਈ ਜਾਂਦੀ ਮੰਗ ਵੱਡੇ ਅਰਥ ਰੱਖਦੀ ਹੈ, ਪਰ ਜਦੋਂ ਕੁਝ ਸਿਆਸੀ ਮੁਫਾਦਾਂ ਖਾਤਰ ਇਥੇ ਰੱਖੀ ਜਾਣ ਵਾਲੀ ਗੱਲ ਦਾ ਮਾਹੌਲ ਨਹੀਂ ਬਣਨ ਦਿੰਦੇ, ਤਾਂ ਇਸ ਦਾ ਨੁਕਸਾਨ ਸਮੁੱਚੀ ਕੌਮ ਨੂੰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਰੋਧ ਦੀ ਖਾਤਰ ਮਾਹੌਲ ਖਰਾਬ ਕਰਦੇ ਹਨ, ਉਨ੍ਹਾਂ ਨੂੰ ਸੰਗਤ ਵਿਚ ਫਤਵਾ ਲੈਣਾ ਚਾਹੀਦਾ ਹੈ।ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਹਾਰਦਿਕ ਤੌਰ ’ਤੇ ਧੰਨਵਾਦ ਕੀਤਾ।
Punjab Post Daily Online Newspaper & Print Media