Wednesday, March 18, 2026

ਆਪਣੀਆਂ ਧੀਆਂ-ਭੈਣਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਕੇਜਰੀਵਾਲ ਨੂੰ ਪੰਜਾਬੀ ਦੇਣਗੇ ਢੁੱਕਵਾਂ ਜਵਾਬ- ਮੁੱਖ ਮੰਤਰੀ ਚੰਨੀ

ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ਰਣਜੀਤ ਐਵੇਨਿਊ ‘ਚ ਬਣੇਗਾ ਸਪੋਰਟਸ ਕੰਪਲੈਕਸ

ਅੰਮ੍ਰਿਤਸਰ, 6 ਦਸੰਬਰ (ਖੁਰਮਣੀਆਂ) – ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮਾਣ-ਸਨਮਾਨ ਨੂੰ ਚੁਨੌਤੀ ਦੇਣ ਅਤੇ ਹੰਕਾਰ ਦਾ ਪੰਜਾਬ ਵਾਸੀ ਜਰੂਰ ਮੂੰਹ ਤੋੜਵਾਂ ਜਵਾਬ ਦੇਣਗੇ।ਸਾਡੀਆਂ ਧੀਆਂ-ਭੈਣਾਂ ਵਿਰੁੱਧ ਭੈੜੀ ਟਿੱਪਣੀ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਮੁੱਖੀ ਵਲੋਂ ਅਤਿ ਘਿਨਾਉਣੀ ਇਰਾਦੇ ਨਾਲ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਸਾਰੀਆਂ ਹੱਦਾਂ ਪਾਰ ਕਰ ਕੇ ਰਾਜਨੀਤੀ ਵਿੱਚ ਸਭ ਤੋਂ ਹੇਠਲੇ ਪੱਧਰ ਨੂੰ ਛੂਹਿਆ ਹੈ, ਜਿਸ ਨੂੰ ਸੂਬੇ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।
                 ਇਥੇ ਰਣਜੀਤ ਐਵਨਿਊ ਵਿਖੇ ਹਲਕਾ ਵਿਧਾਇਕ ਸੁਨੀਲ ਦੱਤੀ ਵਲੋਂ ਕਰਵਾਏ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਵਰਗੇ ਆਗੂ ਨੂੰ ਅਜਿਹੀ ਬੇਤੁਕੀ ਗੱਲ ਕਰਨੀ ਸੋਭਾ ਨਹੀਂ ਦਿੰਦੀ, ਜੋ ਆਪਣੇ ਆਪ ਨੂੰ ਆਮ ਆਦਮੀ ਦਾ ਮਸੀਹਾ ਹੋਣ ਦਾ ਦਾਅਵਾ ਕਰਦਾ ਹੈ।ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਅਪਮਾਨਜਨਕ ਰਵੱਈਏ ਨੂੰ ਕਦੇ ਵੀ ਬਰਦਾਸਤ ਨਹੀਂ ਕਰਨਗੇ, ਜੋ ਕੇਜਰੀਵਾਲ ਦੇ ਹੰਕਾਰ ਅਤੇ ਸਵੈ-ਮਾਣ ਨੂੰ ਦਰਸਾਉਂਦਾ ਹੈ।
               ਉਨਾਂ ਅੰਮ੍ਰਿਤਸਰ ਉਤਰੀ ਹਲਕੇ ਵਿੱਚ ਓਪਨ ਜਿੰਮ, 3 ਵਾਲੀਬਾਲ ਕੋਰਟ, ਚਾਰ ਕ੍ਰਿਕਟ ਗਰਾਊਂਡ, ਹਾਕੀ ਗਰਾਊਂਡ, ਤਿੰਨ ਬਾਸਕਟਬਾਲ ਕੋਰਟ, ਫੁੱਟਬਾਲ ਗਰਾਊਂਡ ਅਤੇ ਐਥਲੈਟਿਕ ਟਰੈਕ, 4 ਟੈਨਿਸ ਕੋਰਟ, ਆਊਟਡੋਰ ਜਿੰਮ, ਮਲਟੀਪਰਪਜ਼ ਸਮੇਤ ਸਪੋਰਟਸ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਕੰਪਲੈਕਸ ਦਾ ਨਾਂ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਅਤੇ ਅੰਦਰੂਨੀ ਕ੍ਰਿਕਟ ਸਟੇਡੀਅਮ ਦਾ ਨਾਂ ਐਡਵੋਕੇਟ ਭਗਵੰਤ ਸਿੰਘ ਸਿੱਧੂ (ਪ੍ਰਧਾਨ ਪ੍ਰਦੇਸ ਕਾਂਗਰਸ ਕਮੇਟੀ ਨਵਜੋਤ ਸਿੰਘ ਸਿੱਧੂ ਦੇ ਪਿਤਾ) ਦੇ ਨਾਂ ’ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਟੇਡੀਅਮ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਸ ਦੇ ਮੁਕੰਮਲ ਹੋਣ ਤੱਕ ਹੋਰ ਮੁਹੱਈਆ ਕਰਵਾਏ ਜਾਣਗੇ।
               ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਵੀ ਸੰਬੋਧਨ ਕੀਤਾ।ਵਿਧਾਇਕ ਸੁਨੀਲ ਦੱਤੀ ਨੇ ਹਲਕਾ ਵਾਸੀਆਂ ਦੀ ਚਿਰੋਕਣੀਆਂ ਮੰਗਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਪ੍ਰਧਾਨ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਇਕ ਨਿੱਕੇ ਜਿਹੇ ਸੱਦੇ ‘ਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਜੋ ਪਿਆਰ ਦਿੱਤਾ ਹੈ, ਉਹ ਮੁੱਖ ਮੰਤਰੀ ਪੰਜਾਬ ਦੀ ਹਰਮਨ ਪਿਆਰਤਾ ਦਾ ਸਬੂਤ ਹੈ। ਉਨਾਂ ਆਏ ਹੋਏ ਮਹਿਮਾਨਾਂ ਅਤੇ ਰੈਲੀ ਦੇ ਇੰਤਜ਼ਾਮ ਲਈ ਆਦਿਤਆ ਦੱਤੀ, ਸੋਨੂੰ ਦੱਤੀ ਅਤੇ ਮਮਤਾ ਦੱਤਾ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੁੰਡਾਲਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀਸੀ, ਮੇਅਰ ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਨਗਰ ਸੁਧਾਰ ਟਰੱਸਟ ਦਮਨਦੀਪ ਸਿੰਘ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …