ਪਟਿਆਲਾ, 10 ਦਸੰਦਰ (ਜਸਵੰਤ ਸਿੰਘ ਪੁਰੀ) – ‘ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ
ਪਿਆ।ਮੇਰੇ ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ।ਇਹ ਮੇਰੇ ਲਈ ਖੁਸ਼ਗਵਾਰ ਪਲ ਹਨ ਕਿ ਅੱਜ 39ਵੀਂ ਕਾਨਵੋਕੇਸ਼ਨ ਮੌਕੇ ਮੈਂ ਇਸ ਡਿਗਰੀ ਨੂੰ ਪ੍ਰਾਪਤ ਕਰ ਰਿਹਾ ਹਾਂ।ਹਰੇਕ ਵਿਦਿਆਰਥੀ ਅਜਿਹਾ ਸਬੱਬ ਲੋਚਦਾ ਹੈ ਕਿ ਉਸ ਨੂੰ ਅਜਿਹੇ ਪਲੇਟਫ਼ਾਰਮ ਤੋਂ ਹੀ ਡਿਗਰੀ ਪ੍ਰਾਪਤ ਹੋਵੇ।’
ਇਹ ਸ਼ਬਦ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਵਧੀਕ ਨਿਰਦੇਸ਼ਕ ਵਜੋਂ ਤਾਇਨਾਤ ਡਾ. ਉੁਪਿੰਦਰ ਸਿੰਘ ਲਾਂਬਾ ਵਲੋਂ ਕਹੇ ਗਏ, ਜੋ ਕਿ ਕਾਨਵੋਕੇਸ਼ਨ ਦੇ ਦੂਸਰੇ ਦਿਨ ਇਕ ਵਿਦਿਆਰਥੀ ਵਜੋਂ ਆਪਣੀ ਇਹ ਡਿਗਰੀ ਪ੍ਰਾਪਤ ਕਰਨ ਲਈ ਉਚੇਚੇ ਤੌਰ ‘ੱਤੇ ਇਥੇ ਪੁੱਜੇ ਹੋਏ ਸਨ।
ਵਿਦਿਆਰਥੀਆਂ ਦੀ ਮੰਗ ‘ਤੇ ਯੂਨੀਵਰਸਿਟੀ ਵਲੋਂ ਆਪਣੀ ਕਾਨਵੋਕੇਸ਼ਨ ਨੂੰ ਦੋ ਦਿਨ ਲਈ ਕਰਵਾਏ ਜਾਣ ਦੇ ਫ਼ੈਸਲੇ ਨੂੰ ਚੁਫ਼ੇਰਿਉਂ ਸ਼ਲਾਘਾ ਪ੍ਰਾਪਤ ਹੋਈ ਹੈ।ਦੇਸ-ਵਿਦਸ਼ ਵਿਚ ਵੱਖ-ਵੱਖ ਥਾਵਾਂ ਉੱਪਰ ਕਾਰਜਸ਼ੀਲ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਮ-ਹੁਮਾ ਕੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਪਹੁੰਚੇ।ਇਨ੍ਹਾਂ ਵਿੱਚ ਜਿਥੇ ਆਪਣੀ ਉਮਰ ਦੇ ਮੱਧਲੇ ਪੜਾਅ ਵਿਚ ਗਜ਼ਰ ਰਹੇ ਸਫ਼ੇਦ ਦਾਹੜੀ ਵਾਲੀ ਅਵਸਥਾ ਨੂੰ ਢੁੱਕੇ ਵਿਦਿਆਰਥੀ ਸ਼ਾਮਲ ਸਨ ਤਾਂ ਦੂਸਰੇ ਪਾਸੇ ਨਵੀਂ ਉਮਰ ਦੇ ਨੌਜਵਾਨ ਵਿਦਿਆਰਥੀ ਵੀ ਸ਼ਾਮਲ ਸਨ।
ਕੈਨੇਡਾ ਵਾਸੀ ਡਾ. ਨਵਦੀਪ ਸਿੰਘ, ਜੋ ਕਿ ਇਕ ਪ੍ਰਸਿੱਧ ਗੀਤਕਾਰ ਵੀ ਹਨ, ਵਲੋਂ ਆਪਣੇ ਖੁਸ਼ੀ ਦੇ ਪਲਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਡਿਗਰੀ ਪ੍ਰਾਪਤ ਕਰਦਿਆਂ ਗਾਊਨ ਪਾ ਕੇ ਕਰਵਾਈ ਗਈ ਤਸਵੀਰ ਸਿਰਫ਼ ਸਾਨੂੰ ਆਪਣੇ ਆਪ ਨੂੰ ਸਕੂਨ ਦੇਣ ਦਾ ਕਾਰਜ਼ ਹੀ ਨਹੀਂ ਕਰਦੀ, ਸਗੋਂ ਹੋਰਨਾਂ ਲਈ ਵੀ ਪ੍ਰੇਰਣਾ ਬਣਦੀ ਹੈ।
ਪ੍ਰਸਿੱਧ ਨੌਜਵਾਨ ਨਾਟਕਕਾਰ ਡਾ. ਕੁਲਬੀਰ ਮਲਿਕ ਵਲੋਂ ਆਪਣੇ ਇਨ੍ਹਾਂ ਪਲਾਂ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਤਕਰੀਬਨ ਚਾਰ ਸਾਲ ਕਾਨਵੋਕੇਸ਼ਨ ਦੀ ਉਡੀਕ ਕੀਤੀ ਹੈ, ਕਿਉਂਕਿ ਕਾਨਵੋਕੇਸ਼ਨ ਵਿੱਚ ਗਾਊਨ ਪਹਿਨ ਕੇ ਡਿਗਰੀ ਪ੍ਰਾਪਤ ਕਰਨ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਇਸ ਰੂਪ ਵਿਚ ਡਿਗਰੀ ਪ੍ਰਾਪਤ ਕਰਦਿਆਂ ਮਨ ਪੂਰੇ ਚਾਅ ਵਿੱਚ ਹੈ ਅਤੇ ਅੱਗੇ ਹੋਰ ਕੰਮ ਕਰਨ ਨੂੰ ਦਿਲ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਿਆ ਗਿਆ ਇਹ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ।
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਤਾਇਨਾਤ ਡਾ. ਰੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਡਿਗਰੀ ਮਹਿਜ਼ ਇੱਕ ਕਾਗਜ਼ ਹੀ ਨਹੀਂ ਹੁੰਦੀ, ਸਗੋਂ ਵਿਦਿਆਰਥੀ ਦਾ ਆਪਣੀ ਮੁਕੱਦਸ ਸੰਸਥਾ, ਖੇਤਰ, ਵੱਖ-ਵੱਖ ਪ੍ਰਸਥਿਤੀਆਂ `ਚ ਹੰਢਾਏ ਔਖੇ ਸੌਖੇ ਸਮੇਂ ਦਾ ਇੱਕ ਯਾਦਗਾਰੀ ਚਿੰਨ੍ਹ ਹੁੰਦਾ ਹੈ, ਜਿਸ ਨੂੰ ਦੇਖ ਕੇ ਸਦਾ ਹੀ ਵਿਦਿਆਰਥੀ ਦੇ ਸਵੈ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ।ਕਾਨਵੋਕੇਸ਼ਨ ਵਿੱਚ ਇਸ ਡਿਗਰੀ ਨੂੰ ਪ੍ਰਾਪਤ ਕਰਨਾ ਆਉਣ ਵਾਲੀ ਪੀੜ੍ਹੀ ਲਈ ਉਚ ਸਿੱਖਿਆ ਵਿਚ ਰੁਝਾਨ ਦਾ ਵੀ ਅਧਾਰ ਬਣਦਾ ਹੈ।
ਵੀਲ੍ਹ ਚੇਅਰ ਰਾਹੀਂ ਡਿਗਰੀ ਪ੍ਰਾਪਤ ਕਰਨ ਪਹੁੰਚੀ ਡਾ. ਗੁਰਪ੍ਰੀਤ ਕੌਰ ਵਲੋਂ ਆਪਣੇ ਭਾਵਾਂ ਦਾ ਇਜ਼ਹਾਰ ਕਰਦਿਆਂ ਯੂਨੀਵਰਸਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਉਸ ਨੇ ਕਿਹਾ ਕਿ ਉਸ ਦਾ ਬਚਪਨ ਦਾ ਸੁਪਨਾ ਅੱਜ ਸਾਕਾਰ ਹੋ ਰਿਹਾ ਹੈ।ਵੀਲਚੇਅਰ ਉੱਪਰ ਨਿਰਭਰ ਹੋਣ ਦੇ ਬਾਵਜ਼ੂਦ ਇਸ ਵੱਕਾਰੀ ਡਿਗਰੀ ਤੱਕ ਪਹੁੰਚਣ ਵਾਲੀ ਡਾ. ਗੁਰਪ੍ਰੀਤ ਵਲੋਂ ਇਸ ਡਿਗਰੀ ਨੂੰ ਪ੍ਰਾਪਤ ਕਰਨ ਵਾਲੇ ਪਲ ਬੇਹੱਦ ਭਾਵਨਾਤਮਕ ਅਤੇ ਪ੍ਰੇਰਣਾਦਾਇਕ ਸਨ।
ਇਸੇ ਤਰ੍ਹਾਂ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਆਂਚਲ ਬਾਂਸਲ ਨੇ ਕਿਹਾ ਕਿ ਉਸ ਨੇ ਕਿੰਨੇ ਹੀ ਸਾਲ ਕਾਨਵੋਕੇਸ਼ਨ ਦੀ ਉਡੀਕ ਕੀਤੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਹੈ।ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਅਤੇ ਮਿਆਰਾਂ ਲਈ ਜਾਣੀ ਜਾਂਦੀ ਹੈ ਉਸ ਸਭ ਨੂੰ ਕਾਇਮ ਰੱਖਣ ਲਈ ਸਾਰੇ ਵਿਦਿਆਰਥੀ ਆਪਣੇ ਖੋਜ ਕਾਰਜਾਂ ਨੂੰ ਜਾਰੀ ਰੱਖਣਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਰਾਹੀਂ ਹੀ ਅਕਾਦਮਿਕ ਅਦਾਰਿਆਂ ਨੇ ਲੋਕਾਂ ਤੱਕ ਪਹੁੰਚਣਾ ਹੁੰਦਾ ਹੈ।ਪੀ-ਐਚ.ਡੀ ਡਿਗਰੀ ਹੋਲਡਰ ਨੂੰ ਹਮੇਸ਼ਾਂ ਪੁੱਛਿਆ ਜਾਂਦਾ ਹੈ ਕਿ ਉਸ ਨੇ ਕਿਸ ਅਦਾਰੇ ਤੋਂ ਡਿਗਰੀ ਕੀਤੀ ਹੈ।ਇਸ ਲਈ ਵਿਦਿਆਰਥੀਆਂ ਸਿਰ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦਿਆਰਥੀ ਹਮੇਸ਼ਾਂ ਹੀ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਰਹਿਣਗੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media