ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਵਿਚਾਰੇ ਗਏ ਕਈ ਪੰਥਕ ਮਸਲੇ
ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋ: ਗੁ: ਪ: ਕਮੇਟੀ ਨੂੰ ਧਾਰਮਿਕ ਸਜ਼ਾ ਲਾਈ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਅੱਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਦੌਰਾਨ ਕਈ ਪੰਥਕ ਮਸਲੇ ਵਿਚਾਰੇ ਗਏ। ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਦਿਵਸ ਪਾਤਸ਼ਾਹੀ ਦਸਵੀਂ ਇੱਕੋ ਦਿਨ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਮੰਗ ਉਪਰ ਦੀਰਘ ਵਿਚਾਰ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਸਰਬ-ਸੰਮਤੀ ਨਾਲ ਨਿਰਣਾ ਕੀਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਵੱਲੋਂ 23 ਪੋਹ (7 ਜਨਵਰੀ) ਨੂੰ ਮਨਾਇਆ ਜਾਵੇ।ਸ਼੍ਰੋਮਣੀ ਕਮੇਟੀ ਵੀ ਆਪਣੇ ਅਦਾਰਿਆਂ ਵਿਚ 23 ਪੋਹ ਨੂੰ ਹੀ ਮਨਾਵੇ। ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋ: ਗੁ: ਪ: ਕਮੇਟੀ ਵੱਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਮੇਜ ਉਪਰ ਪ੍ਰਸ਼ਾਦੇ ਛਕਾਉਣ ਸਬੰਧ ਵਿਚ ਮੈਂਬਰ ਵੱਲੋਂ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ‘ਤੇ ਉਨ੍ਹਾਂ ਵੱਲੋਂ ਜਾਣੇ-ਅਨਜਾਣੇ ਵਿਚ ਹੋਈ ਭੁੱਲ ਦੀ ਮੁਆਫੀ ਮੰਗੀ ਗਈ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ 101 ਰੁਪਏ ਗੁਰੂ ਕੀ ਗੋਲਕ ਵਿਖੇ ਪਾਉਣ ਅਤੇ ਖਿਮਾਂ ਯਾਚਨਾਂ ਦੀ ਅਰਦਾਸ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।ਇਸੇ ਤਰਾਂ ਭਾਈ ਕੰਵਲਜੀਤ ਸਿੰਘ ਸਪੁੱਤਰ ਸ: ਬਲਬੀਰ ਸਿੰਘ ਅੰਮ੍ਰਿਤਸਰ ਵੱਲੋਂ ਧਾਰਮਿਕ ਪੁਸਤਕਾਂ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਫਰਮ ਦੇ ਮਾਲਕਾਂ ਵੱਲੋਂ ਜਾਣੇ-ਅਨਜਾਣੇ ਵਿਚ ਹੋਈ ਗਲਤੀ ਲਈ ਲਿਖਤੀ ਮੁਆਫੀ ਮੰਗੀ ਗਈ ਹੈ ਅਤੇ ਇਸ ਫਰਮ ਨੂੰ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਹੈ। ਗੁਰਚਰਨ ਸਿੰਘ ਬੱਬਰ ਐਡੀਟਰ ਕੌਮੀ ਪੱਤਰਕਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹਰ ਆਦੇਸ਼ ਨੂੰ ਮੰਨਣ ਸਬੰਧੀ ਲਿਖ ਕੇ ਦਿੱਤਾ ਗਿਆ ਅਤੇ ਅੱਗੇ ਤੋਂ ਅਜਿਹੀ ਸ਼ਬਦਾਵਲੀ ਨਾ ਲਿਖਣ ਸਬੰਧੀ ਕਿਹਾ ਗਿਆ। ਗੁਰਦੁਆਰਾ ਬੁੱਢਾ ਜੌਹੜ ਟਰੱਸਟ ਸਬੰਧੀ ਸਿੰਘ ਸਾਹਿਬਾਨ ਵੱਲੋਂ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਦਾ ਐਲਾਨ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਮੱਲ ਸਿੰਘ ਜੀ ਅਤੇ ਸਿੰਘ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਮੌਕੇ ਉਪਰ ਜਾ ਕੇ ਕਰਨਗੇ।
ਸਰਬ ਸੁੱਖ ਚੈਰੀਟੇਬਲ ਟਰੱਸਟ (ਪ੍ਰਭ ਮਿਲਣੈ ਕਾ ਚਾਉ) ਸਬੰਧੀ ਸੰਗਤਾਂ ਵੱਲੋਂ ਆਈਆਂ ਪੱਤਰਕਾਵਾਂ ਉਪਰ ਵਿਚਾਰ ਕਰਦਿਆਂ ਸਿੰਘ ਸਾਹਿਬਾਨ ਵੱਲੋਂ ਅਗਲੀ ਇਕੱਤਰਤਾ ਵਿਚ ਟਰੱਸਟ ਦੇ ਸਾਰੇ ਪੁਰਾਣੇ ਟਰੱਸਟੀ ਮੈਂਬਰਾਂ ਅਤੇ ਭਾਈ ਬਲਬੀਰ ਸਿੰਘ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਓਨੀ ਦੇਰ ਤੱਕ ਟਰੱਸਟ ਦੀਆਂ ਗਤੀਵਿਧੀਆਂ ਉਪਰ ਰੋਕ ਲਗਾਈ ਗਈ ਹੈ।
Punjab Post Daily Online Newspaper & Print Media