ਮੁਲਾਜ਼ਮ ਵਰਗ ਸਰਕਾਰ ਅਤੇ ਲੋਕਾਂ ਦਰਮਿਆਨ ਨਿਭਾਉਂਦਾ ਹੈ ਪੁੱਲ ਦੀ ਭੂਮਿਕਾ
ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਮੁਲਾਜ਼ਮ ਵਰਗ ਹਰ ਰਾਜ ਪ੍ਰਬੰਧ ‘ਚ ਇੱਕ ਪੁਲ ਵਾਂਗ ਹੁੰਦਾ ਹੈ, ਜੋ ਸਰਕਾਰ ਅਤੇ ਲੋਕਾਂ ਨੂੰ ਆਪਸ ‘ਚ ਜੋੜਨ ਲਈ
ਕੰਮ ਕਰਦਾ ਹੈ।ਮੁਲਾਜ਼ਮ ਵਰਗ ਦੀ ਸ਼ਕਤੀ ਹਰ ਸਰਕਾਰ ਦੀ ਚਾਬੀ ਹੁੰਦੀ।ਜਿਸ ਤੋਂ ਵਗੈਰ ਕੋਈ ਵੀ ਰਾਜ ਪ੍ਰਬੰਧ ਚੱਲ ਨਹੀਂ ਸਕਦਾ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮਸਤੂਆਣਾ ਸਾਹਿਬ ਵਿਖੇ ਸੰਯੁਕਤ ਮੁਲਾਜ਼ਮ ਫਰੰਟ ਪੰਜਾਬ ਵਲੋਂ ਕਰਵਾਈ ਕਨਵੈਨਸ਼ਨ ‘ਚ ਪਹੁੰਚੇ ਵੱਡੀ ਗਿਣਤੀ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹਰ ਰਾਜ ਪ੍ਰਬੰਧ ਅੰਦਰ ਇਹ ਮੁਲਾਜ਼ਮ ਵਰਗ ਹੀ ਹੁੰਦਾ ਹੈ, ਜੋ ਸਰਕਾਰ ਦੀਆਂ ਨੀਤੀਆਂ, ਕੰਮਾਂ ਅਤੇ ਸੁਨੇਹਿਆਂ ਨੂੰ ਜ਼ਮੀਨੀ ਪੱਧਰ ‘ਤੇ ਜਾ ਕੇ ਲੋਕਾਂ ਦੇ ਘਰ ਘਰ ਪਹੁੰਚਾਉਂਦਾ ਹੈ।ਜਿਸ ਸਰਕਾਰ ਅੰਦਰ ਮੁਲਾਜ਼ਮ ਵਰਗ ਖੁਸ਼ਹਾਲ ਹੋਵੇਗਾ, ਉਹ ਰਾਜ ਪ੍ਰਬੰਧ ਵੀ ਵਧੀਆ ਹੋਵੇਗਾ।ਢੀਂਡਸਾ ਨੇ ਕਿਹਾ ਪਰ ਸਾਨੂੰ ਅਫਸੋਸ ਹੈ ਅਜ਼ੋਕੇ ਦੌਰ ‘ਚ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਮੁਲਾਜ਼ਮ ਵਰਗ ਨੂੰ ਹਾਸ਼ੀਏ ‘ਤੇ ਧੱਕ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨਾਲ ਜੋ ਬੇਇਨਸਾਫ਼ੀ ਹੋ ਰਹੀ ਹੈ, ਇਸ ਰੁਝਾਨ ਨੂੰ ਤੁਰੰਤ ਰੋਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਸਾਡੀਆਂ ਮੌਜ਼ੂਦਾ ਸਰਕਾਰਾਂ ਵਲੋਂ ਇੱਕ ਹੀ ਅਸਾਮੀ ਨੂੰ ਅੱਧੀ ਦਰਜਨ ਤੋਂ ਵੱਧ ਨਾਵਾਂ ਰੈਗੂਲਰ, ਐਡਹਾਕ, ਡੇਲੀ ਵੇਜ਼, ਠੇਕਾ ਅਧਾਰਿਤ ਅਤੇ ਆਉਟਸੋਰਸਿੰਗ ਮੁਲਾਜ਼ਮ ਆਦਿ ਸ਼੍ਰੇਣੀਆਂ ‘ਚ ਵੰਡ ਕੇ ਭਰਤੀ ਕਰਨਾ ਗੈਰ ਵਿਧਾਨਿਕ ਅਤੇ ਅਨੈਤਿਕ ਹੈ।ਇੱਕ ਹੀ ਅਸਾਮੀ ‘ਤੇ ਵੱਖ ਵੱਖ ਤਨਖਾਹ ਅਤੇ ਭੱਤੇ ਦੇਣ ਨਾਲ ਮੁਲਾਜ਼ਮ ਵਰਗ ‘ਚ ਕੰਮ ਕਰਨ ਦੀ ਇੱਛਾ ਸ਼ਕਤੀ ਘਟਦੀ ਹੈ।ਮੌਜ਼ੂਦਾ ਸਰਕਾਰੀ ਸੇਵਾਵਾਂ ‘ਚ ਸਰਕਾਰੀ ਮੁਲਾਜ਼ਮਾਂ ਦਾ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਸ ਨਾਲ ਮੁਲਾਜ਼ਮਾਂ ‘ਚ ਬੇਚੈਨੀ ਅਤੇ ਅੰਤੁਸ਼ਟੀ ਦੀ ਭਾਵਨਾ ਵਧਣ ਲੱਗੀ ਹੈ।ਆਪਣੀ ਗੱਲ ਸੁਣਾਉਣ ਲਈ ਪਾਣੀ ਮੁਲਾਜ਼ਮਾਂ ਨੂੰ ਪਾਣੀ ਵਾਲੀਆਂ ਟੈਂਕੀਆਂ ‘ਤੇ ਮੋਰਚੇ ਲਾਉਣੇ ਪੈ ਰਹੇ ਹਨ, ਕੜਕਦੀ ਠੰਢ ‘ਚ ਸੜਕਾਂ ‘ਤੇ ਧਰਨੇ ਲਾਉਣੇ ਪੈ ਰਹੇ ਹਨ ਅਤੇ ਡਾਂਗਾਂ ਖਾਣੀਆਂ ਪੈ ਰਹੀਆਂ ਹਨ।ਉਨਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਕਮੇਟੀ ਜੋ ਵੀ ਚੋਣ ਮੈਨੀਫੈਸਟੋ ਤਿਆਰ ਕਰੇਗੀ ਉਸ ਕਮੇਟੀ ‘ਚ ਮੁਲਾਜ਼ਮ ਵਰਗ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣਗੇ।ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਦੀ ਸੰਯੁਕਤ ਮੁਲਾਜ਼ਮ ਫਰੰਟ ਪੰਜਾਬ ਜਥੇਬੰਦੀ ਦੇ ਇੰਚਾਰਜ਼ ਮਿੱਠੂ ਸਿੰਘ ਕਾਹਨੇਕੇ ਨੇ ਮੁਲਾਜ਼ਮਾਂ ਦੀਆਂ ਮੁਖ ਮੰਗਾਂ ਪ੍ਰਤੀ ਜਾਣੂ ਕਰਵਾਇਆ।ਜਿੰਨਾਂ ਵਿੱਚ ਵੱਖ-ਵੱਖ ਵਿਭਾਗਾਂ ਅੰਦਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਅਤੇ ਠੇਕਾ ਭਰਤੀ ਬੰਦ ਕਰਕੇ ਰੈਗੂਲਰ ਮੁਲਾਜ਼ਮ ਭਰਤੀ ਕਰਨ, 6ਵੇਂ ਪੇਅ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਤੁਰੰਤ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲੀ, 6ਵੇਂ ਪੇਅ-ਕਮਿਸ਼ਨ ਅਨੁਸਾਰ ਮਿਲਣਯੋਗ 5 ਫੀਸਦੀ ਪੇਂਡੂ ਅਤੇ ਪਹਿਲਾਂ ਮਿਲਣ ਵਾਲੇ ਭੱਤੇ ਮੁੜ ਸ਼ੁਰੂ ਕਰਨ, 6ਵੇਂ ਪੇਅ-ਕਮਿਸ਼ਨ ਦੀਆਂ ਸਿਫਾਰਸ਼ ਤੋਂ ਪਿੱਛੇ ਹੱਟ ਕੇ ਜਾਰੀ ਨੋਟੀਫੀਕੇਸ਼ਨ ਵਿੱਚ ਪੈਨਸ਼ਨ ਸੋਧਣ ਦਾ ਫਾਰਮੁਲਾ ਲਾਗੂ ਨਾ ਕਰਨ, ਆਊਟ ਸੋਰਸਿੰਗ ਤੇ ਕੇਂਦਰੀ ਸਕੀਮ ਦੇ ਮੁਲਾਜਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਸ਼ਾਮਲ ਹਨ।ਉਪਰੋਤ ਮੰਗਾਂ ਨਾ ਮੰਨੀਆਂ ਜਾਣ `ਤੇ ਸੰਯੁਕਤ ਮੁਲਾਜ਼ਮ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।
ਇਸ ਮੌਕੇ ਪੂਰਨ ਸਿੰਘ ਖਾਈ, ਗੁਰਸਿਮਰਨ ਸਿੰਘ ਜਖੇਪਲ, ਹਰਵਿੰਦਰ ਸਿੰਘ ਚੱਠਾ, ਅਵਤਾਰ ਸਿੰਘ ਸੇਰਗਿੱਲ, ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਰਾਜਦੀਪ ਸਿੰਘ ਬਰੇਟਾ, ਮਨੂੰ ਬਡਰੁੱਖਾਂ, ਹਰਬੰਸ ਸਿੰਘ ਦੀਦਾਰਗੜ੍ਹ, ਕੇਵਲ ਸਿੰਘ ਸੇਰੋਂ, ਬਲਵਿੰਦਰ ਸਿੰਘ ਜਖੇਪਲ, ਸੁਰਜੀਤ ਸਿੰਘ ਸੇਰਗਿੱਲ ਰਾਜਪੁਰਾ ਅਤੇ ਨਿਰਮਲ ਸਿੰਘ ਮਾਨ ਮਿਲਕ ਪਲਾਂਟ ਵੀ ਮੌਜ਼ੂਦ ਸਨ।
Punjab Post Daily Online Newspaper & Print Media