50900 ਬੱਚਿਆਂ ਨੂੰ ਲੱਗੇਗੀ ਵੈਕਸੀਨ
ਕਪੂਰਥਲਾ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਕੋਵਿਡ ਤੋਂ ਬਚਾਅ ਲਈ 15 ਤੋਂ 18
ਸਾਲ ਉਮਰ ਵਰਗ ਦੇ ਬੱਚਿਆਂ ਦੇ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਲਈ ਕਪੂਰਥਲਾ ਜਿਲ੍ਹੇ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ 50900 ਬੱਚਿਆਂ ਨੂੰ ਵੈਕਸੀਨੇਸ਼ਨ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮੂਨਾਈਜੈਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਭਰ ‘ਚ ਜੋ ਬੱਚੇ 2007 ਜਾਂ ਉਸ ਤੋਂ ਪਹਿਲਾਂ ਪੈਦਾ ਹੋਏ ਹਨ, ਉਹ ਹੀ ਇਹ ਵੈਕਸੀਨ ਲਗਵਾ ਸਕਣਗੇ, ਜਿਨ੍ਹਾਂ ਨੂੰ ਕੋ-ਵੈਕਸੀਨ ਦੀ ਡੋਜ਼ ਲੱਗੇਗੀ।ਇਸ ਉਮਰ ਵਰਗ ਤਹਿਤ ਜਿਲ੍ਹਾ ਪ੍ਰਸ਼ਾਸਨ ਵਲੋਂ 50900 ਬੱਚਿਆਂ ਦੀ ਪਛਾਣ ਕੀਤੀ ਗਈ ਹੈ ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਵਿੱਚ ਟੀਕਾਕਰਨ ਲਈ ਚੱਲ ਰਹੀਆਂ 40 ਸਾਇਟਾਂ ਉਪਰ ਬੱਚਿਆਂ ਦੇ ਟੀਕਾਕਰਨ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕਰਨ।ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਲਈ ਅੱਗੇ ਆਉਣ ਤੇ 3 ਜਨਵਰੀ ਤੋਂ ਨੇੜਲੇ ਟੀਕਾਕਰਨ ਕੇਂਦਰ ਵਿਖੇ ਵੈਕਸੀਨ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਓਮੀਕਰਾਨ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਕੋਵਿਡ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ, ਜਿਸ ਤਹਿਤ ਭੀੜ ਵਾਲੇ ਸਥਾਨਾਂ ਤੋਂ ਜਾਣ ਤੋਂ ਗੁਰੇਜ਼ ਕਰਨ ਤੋਂ ਇਲਾਵਾ ਮਾਸਕ ਜ਼ਰੂਰ ਪਹਿਨਿਆ ਜਾਵੇ।
ਇਸ ਤੋਂ ਇਲਾਵਾ ਸਿਹਤ ਵਰਕਰਾਂ ਤੇ ਫਰੰਟਲਾਇਨ ਵਰਕਰਾਂ ਨੂੰ ਵੀ 10 ਜਨਵਰੀ ਤੋਂ ‘ਬੂਸਟਰ ਡੋਜ਼’ ਲਗਾਈ ਜਾਵੇਗੀ, ਜਿਸ ਲਈ ਉਹ ਵਰਕਰ ਯੋਗ ਹੋਣਗੇ ਜਿਨ੍ਹਾਂ ਨੂੰ ਦੂਜੀ ਡੋਜ਼ ਲਗਵਾਈ ਨੂੰ ਘੱਟੋ-ਘੱਟ 39 ਹਫਤੇ ਦਾ ਸਮਾਂ ਹੋ ਗਿਆ ਹੋਵੇ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਸਿਹਤ ਤੇ ਫਰੰਟ ਲਾਇਨ ਵਰਕਰਾਂ ਤੋਂ ਇਲਾਵਾ ਜਿਹੜੇ ਵਿਅਕਤੀ 60 ਸਾਲ ਤੋਂ ਉਪਰ ਤੇ ਕਿਸੇ ਬਿਮਾਰੀ ਦਾ ਸ਼ਿਕਾਰ ਹਨ, ਉਹ ਵੀ ਡਾਕਟਰੀ ਸਲਾਹ ਦੇ ਅਨੁਸਾਰ ਦੂਜੀ ਡੋਜ਼ ਤੋਂ ਬਾਅਦ 39 ਹਫਤੇ ਪੂਰੇ ਹੋਣ ’ਤੇ ਬੂਸਟਰ ਡੋਜ਼ ਲਗਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਜਿਲ੍ਹੇ ਵਿਚ ਬੀਤੇ ਕਲ੍ਹ ਤਕ ਵੈਕਸੀਨੇਸ਼ਨ ਦਾ ਅੰਕੜਾ 8 ਲੱਖ ਨੂੰ ਪਾਰ ਕਰ ਗਿਆ ਹੈ, ਜਿਸ ਨਾਲ ਹੁਣ ਤੱਕ 85 ਫੀਸਦੀ ਅਬਾਦੀ ਨੂੰ ਪਹਿਲੀ ਡੋਜ਼ ਅਤੇ 52 ਫੀਸਦੀ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।
Punjab Post Daily Online Newspaper & Print Media