Monday, April 6, 2026

ਭਾਰਤ ਤੋਂ ਨਿਊਜ਼ੀਲੈਂਡ ਵਾਪਸ ਨਾ ਜਾ ਸਕਣ ਵਾਲੇ ਨੌਜੁਆਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ

ਕੋਰੋਨਾ ਕਾਰਨ ਭਾਰਤ ’ਚ ਫਸੇ ਨੌਜੁਆਨਾਂ ਦਾ ਮਾਮਲਾ ਸਰਕਾਰ ਤੱਕ ਪਹੁੰਚਾਉਣ ਸਥਾਨਕ ਸਿੱਖ ਸੰਸਥਾਵਾਂ-ਐਡਵੋਕੇਟ ਧਾਮੀ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ) – ਕੋਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਤੋਂ ਆਏ ਵੱਡੀ ਗਿਣਤੀ ਪੰਜਾਬੀ ਜੋ ਪਾਬੰਦੀਆਂ ਕਾਰਨ ਵਾਪਸ ਨਹੀਂ ਜਾ ਸਕੇ ਸਨ, ਉਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਮਸਲੇ ਦੇ ਹੱਲ ਲਈ ਸਹਿਯੋਗ ਦੀ ਅਪੀਲ ਕੀਤੀ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜ਼ੀਲੈਂਡ ਦੀ ਸਿੱਖ ਸੰਸਥਾ ‘ਸਿੱਖ ਸੁਪਰੀਮ ਸੁਸਾਇਟੀ ਆਕਲੈਂਡ’ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨਾਲ ਜਿਥੇ ਫੋਨ ’ਤੇ ਗੱਲਬਾਤ ਕਰਕੇ ਮਸਲਾ ਹੱਲ ਕਰਨ ਲਈ ਕਿਹਾ, ਉਥੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖਿਆ।ਪ੍ਰਧਾਨ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਨ ਵਾਲੇ ਨਿਊਜ਼ੀਲੈਂਡ ਨਾਲ ਸਬੰਧਤ ਇਨ੍ਹਾਂ ਸਿੱਖ ਨੌਜੁਆਨਾਂ ਨੇ ਦੱਸਿਆ ਕਿ ਕੋਰੋਨਾ ਕਰਕੇ 800 ਦੇ ਕਰੀਬ ਪੰਜਾਬੀ ਵਾਪਸ ਨਿਊਜ਼ੀਲੈਂਡ ਨਾ ਜਾ ਸਕਣ ਕਰਕੇ ਪ੍ਰੇਸ਼ਾਨ ਹਨ।ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਪਰਿਵਾਰਕ ਮੈਂਬਰ ਵੀ ਉਥੇ ਹਨ।ਕੋਰੋਨਾ ਪਾਬੰਦੀਆਂ ਕਰਕੇ ਬੀਤੇ ਕਰੀਬ 2 ਸਾਲ ਤੋਂ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਅਤੇ ਇਸ ਦੌਰਾਨ ਬਹੁਤਿਆਂ ਦੀ ਵੀਜ਼ਾ ਮਿਆਦ ਵੀ ਖ਼ਤਮ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਉਹ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਊਜ਼ੀਲੈਂਡ ਵਿਚ ਰਹਿੰਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ।ਐਡਵੋਕੇਟ ਧਾਮੀ ਨੇ ਇਨ੍ਹਾਂ ਸਿੱਖ ਨੌਜੁਆਨਾਂ ਦੀ ਗੱਲਬਾਤ ਮਗਰੋਂ ਨਿਊਜ਼ੀਲੈਂਡ ਦੀ ਵੱਡੀ ਸਿੱਖ ਸੰਸਥਾ ਵਜੋਂ ਕਾਰਜਸ਼ੀਲ ਸੁਪਰੀਮ ਸਿੱਖ ਸੁਸਾਇਟੀ ਨਾਲ ਰਾਬਤਾ ਬਣਾਉਂਦਿਆਂ ਪੀੜ੍ਹਤਾਂ ਦੀ ਮਦਦ ਲਈ ਕਿਹਾ।
                   ਐਡਵੋਕੇਟ ਧਾਮੀ ਨੂੰ ਸਿੱਖ ਸੁਪਰੀਮ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਹੱਲ ਲਈ ਉਹ ਸੰਜ਼ੀਦਾ ਹਨ ਅਤੇ ਯਤਨ ਕਰ ਰਹੇ ਹਨ ਕਿ ਭਾਰਤ ਗਏ ਇਨ੍ਹਾਂ ਨੌਜੁਆਨਾਂ ਦੀ ਜਲਦ ਵਾਪਸੀ ਹੋਵੇ।ਇਸ ਮਾਮਲੇ ਵਿਚ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸੇ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਆਕਲੈਂਡ ਦੇ ਪ੍ਰਧਾਨ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਸਰਕਾਰ ਨਾਲ ਰਾਬਤਾ ਬਣਾ ਕੇ ਸਿੱਖ ਨੌਜੁਆਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਲਈ ਸੁਹਿਰਦਤਾ ਨਾਲ ਯਤਨ ਕਰਨ ਦੀ ਅਪੀਲ ਕੀਤੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …