280160 ਰੁਪਏ ਦੀ ਨਕਦੀ ਵੀ ਕੀਤੀ ਜ਼ਬਤ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਫਲਾਇੰਗ ਟੀਮਾਂ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ
ਐਸ.ਐਸ.ਪੀ ਦਿਹਾਤੀ ਵਲੋਂ 263 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ ਅਤੇ 2 ਲੱਖ 80 ਹਜ਼ਾਰ 160 ਰੁਪਏ ਦੀ ਨਕਦੀ ਜਜ਼ਬਤ ਕੀਤੀ ਗਈ ਹੈ।ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ 1328.77 ਲੀਟਰ ਅੰਗਰੇਜ਼ੀ ਸ਼ਰਾਬ ਅਤੇ 2423.095 ਲੀਟਰ ਦੇਸ਼ੀ ਸ਼ਰਾਬ, 21105 ਲੀਟਰ ਲਾਹਨ, 1654 ਗ੍ਰਾਮ ਹੈਰੋਇਨ ਅਤੇ 5157 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹਨ।
ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਬਜ਼ਿਦ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਪੁਲਿਸ ਵਲੋਂ ਤਿੰਨ ਗੈਰ ਕਾਨੂੰਨੀ ਹਥਿਆਰ ਅਤੇ 17 ਕਾਰਤੂਸ ਵੀ ਫੜ੍ਹੇ ਗਏ ਹਨ।ਪੁਲਿਸ ਵਲੋਂ ਅਜਨਾਲਾ ਹਲਕੇ ਵਿੱਚ 22 ਐਫ.ਆਈ.ਆਰ, ਰਾਜਾਸਾਂਸੀ ਹਲਕੇ ਵਿੱਚ 25, ਮਜੀਠਾ ਹਲਕੇ ਵਿੱਚ 13., ਜੰਡਿਆਲਾ ਹਲਕੇ ਵਿੱਚ 28, ਅੰਮ੍ਰਿਤਸਰ ੳਤਰੀ ਹਲਕੇ ਵਿੱਚ 16, ਪੱਛਮੀ ਵਿੱਚ 28, ਕੇਂਦਰੀ ਹਲਕੇ ਵਿੱਚ 27, ਪੂਰਬੀ ਵਿੱਚ 34 ਅਤੇ ਅੰਮ੍ਰਿਤਸਰ ਦੱਖਣੀ ਵਿੱਚ 17, ਅਟਾਰੀ ਹਲਕੇ ਵਿੱਚ 29 ਅਤੇ ਬਾਬਾ ਬਕਾਲਾ ਹਲਕੇ ਵਿੱਚ 24 ਐਫ਼.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਇਨਾਂ ਐਫ਼.ਆਈ.ਆਰ ਵਿੱਚ 36 ਐਨ.ਡੀ.ਪੀ.ਐਸ ਅੇਕਟ, ਤਿੰਨ ਗੈਰ ਕਾਨੂੰਨੀ ਹਥਿਆਰ, 222 ਐਕਸਾਈਜ਼ ਐਕਟ ਹੇਠ ਅਤੇ 2 ਆਈ.ਪੀ.ਸੀ ਐਕਟ ਅਧੀਨ ਐਫ.ਆਈ.ਆਰ ਦਰਜ਼ ਹਨ।
Punjab Post Daily Online Newspaper & Print Media