Friday, July 24, 2026

ਬੀ.ਕੇ.ਯੂ (ਕਾਦੀਆਂ) ਵਲੋਂ ਸਕੂਲ ਖੁੱਲਵਾਉਣ ਲਈ ਰੋਡ ਜ਼ਾਮ 7 ਫਰਵਰੀ ਨੂੰ

ਸਮਰਾਲਾ, 3 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਕੀਤੀ ਗਈ ਅਪੀਲ ਦੇ ਅਧਾਰ ‘ਤੇ ਪੰਜਾਬ ਭਰ ਵਿੱਚ ਬੰਦ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਖੁੱਲਵਾਉਣ ਲਈ ਪੰਜਾਬ ਭਰ ਦੇ ਮੇਨ ਹਾਈਵੇਅ ਜ਼ਾਮ ਕੀਤੇ ਜਾਣਗੇ।ਯੂਨੀਅਨ ਦੇ ਫੈਸਲੇ ਅਨੁਸਾਰ ਸਮਰਾਲਾ ਵਿਚੋਂ ਦੀ ਲੰਘ ਰਹੇ ਮੇਨ ਹਾਈਵੇ 7 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਪੂਰੀ ਤਰ੍ਹਾਂ ਜ਼ਾਮ ਕੀਤੇ ਜਾਣਗੇ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਕੋਰੋਨਾ ਦੀ ਆੜ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।ਜਦਕਿ ਸਿਆਸੀ ਸਰਗਰਮੀਆਂ ਲਈ ਹਰੇਕ ਪਾਰਟੀ ਦੇ ਉਮੀਦਵਾਰ ਹਜ਼ਾਰਾਂ ਦੀ ਗਿਣਤੀ ‘ਚ ਇਕੱਠ ਕਰਕੇ ਕੋਰੋਨਾ ਦੀਆਂ ਧੱਜ਼ੀਆਂ ਉਡਾ ਰਹੇ ਹਨ।ਬੱਚੇ ਜਿਹੜੇ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਨੂੰ ਘਰਾਂ ਵਿੱਚ ਬੰਦ ਕਰਕੇ ਅਨਪੜ੍ਹ ਬਣਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਨੂੰ ਡੂੰਘੀ ਨੀਂਦ ਵਿਚੋਂ ਉਠਾਉਣ ਲਈ ਯੂਨੀਅਨ ਨੂੰ ਰੋਡ ਜ਼ਾਮ ਕਰਨ ਲਈ ਕਦਮ ਚੁੱਕਣੇ ਪੈ ਰਹੇ ਹਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੰਜਾਬ ਵਿੱਚ ਸਕੂਲ ਖੋਹਲੇ ਜਾਣ। ਜੇਕਰ ਸਰਕਾਰ ਨੇ ਜਲਦੀ ਹੀ ਸਕੂਲ ਨਾ ਖੋਹਲੇ ਤਾਂ ਯੂਨੀਅਨ ਹੋਰ ਵੱਡਾ ਸੰਘਰਸ਼ ਕਰਨ ਲਈ ਕਦਮ ਚੁੱਕੇਗੀ।ਉਨ੍ਹਾਂ ਸਮੂਹ ਸਕੂਲ ਪ੍ਰਬੰਧਕਾਂ, ਬੱਚਿਆਂ ਦੇ ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿੱਚ ਯੂਨੀਅਨ ਦਾ ਸਾਥ ਦੇਣ।
                  ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾਂ ਜ਼ਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਮੋਹਣ ਸਿੰਘ ਬਲਾਕ ਪ੍ਰਧਾਨ, ਰੋਜ਼ੀ ਉਟਾਲਾਂ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …