ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸਿੰਘੂ ਬਾਰਡਰ ਨੇੜੇ ਕੇ.ਐਮ.ਪੀ ਐਕਸਪ੍ਰੈਸ ਵੇਅ ‘ਤੇ ਟਰਾਲੇ ਨਾਲ ਹੋਏ ਹਾਦਸੇ ਵਿੱਚ ਉਹ ਅਕਾਲ ਚਲਾਣਾ ਕਰ ਗਏ।ਉਹ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ।ਐਕਸਪ੍ਰੈਸ ਵੇਅ ‘ਤੇ ਦੀਪ ਸਿੱਧੂ ਦੀ ਸਕਾਰਪਿਊ ਗੱਡੀ ਡਰਾਇਵਰ ਵਾਲੇ ਪਾਸਿਓਂ ਅੱਗੇ ਖੜੇ ਟਰਾਲੇ ਵਿੱਚ ਜਾ ਵੱਜੀ, ਜੋ ਉਨਾਂ ਦੀ ਮੌਤ ਦਾ ਕਾਰਣ ਬਣੀ।ਦੀਪ ਸਿੱਧੂ ਜਿਥੇ ਪੰਜਾਬੀ ਕਲਾਕਾਰ ਸਨ, ਉਥੇ ਉਹ ਉਘੇ ਸਮਾਜਸੇਵੀ ਅਤੇ ਪੇਸ਼ੇ ਵਜੋਂ ਵਕੀਲ ਸਨ।ਦਿੱਲੀ ਦੇ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਦੀਪ ਸਿੱਧੂ ਕਾਫੀ ਚਰਚਿਤ ਰਹੇ ਅਤੇ ਦਿੱਲੀ ‘ਚ ਲਾਲ ਕਿਲਾ ਵਿਖੇ 26 ਜਨਵਰੀ ਨੂੰ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਉਨਾਂ ਨੂੰ ਜੇਲ ਹੋਈ ਅਤੇ ਹੁਣ ਉਹ ਜਮਾਨਤ ‘ਤੇ ਚੱਲ ਰਹੇ ਸਨ।ਦੀਪ ਸਿੱਧੂ ਦੀ ਮ੍ਰਿਤਕ ਦੇਹ ਹਰਿਆਣਾ ਦੇ ਸੋਨੀਪਤ ਨੇੜਲੇ ਖਰਖੋਦਾ ਦੇ ਹਸਪਤਾਲ ਵਿੱਚ ਰੱਖੀ ਗਈ ਹੈ।ਸੂਚਨਾ ਹੈ ਕਿ ਇਸ ਹਾਦਸੇ ਸਮੇਂ ਦੀਪ ਸਿੱਧੂ ਦੀ ਦੋਸਤ ਵੀ ਉਨਾਂ ਦੇ ਨਾਲ ਸੀ, ਜਿਸ ਨੂੰ ਕੋਈ ਸੱਟ ਨਹੀਂ ਲੱਗੀ ਹੈ, ਪਰ ਉਹ ਸਦਮੇ ‘ਚ ਹੈ। ਉਨਾਂ ਦੀ ਅਚਾਨਕ ਮੌਤ ਨਾਲ ਫਿਲਮ ਜਗਤ ਸਦਮੇ ਵਿੱਚ ਹੈ।ਉਨਾਂ ਦੇ ਸਾਥੀਆਂ ਅਤੇ ਪ੍ਰਸੰਸ਼ਕਾਂ ਵਲੋਂ ਇਸ ਘਟਨਾ ‘ਤੇ ਦੁੱਖ ਜਤਾਇਆ ਜਾ ਰਿਹਾ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਵਲੋਂ ਦੀਪ ਸਿੱਧੂ ਦੇ ਚਲੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media