ਅੰਮ੍ਰਿਤਸਰ, 25 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ 2 ਹਫ਼ਤਿਆਂ ਦਾ
ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਡੇਅਰੀ ਅਤੇ ਪਸ਼ੂ ਪਾਲਣ ਪ੍ਰਬੰਧਨ ’ਚ ਔਰਤਾਂ ਨੂੰ ਸਿਖਲਾਈ ਦੇਣਾ ਸੀ।ਸਿਖਲਾਈ ਦੇ ਕੋਰਸ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਐਮ.ਡੀ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਕਿਵੇਂ ਉਹ ਵਿਸਤਰਿਤ ਤੌਰ ’ਤੇ ਤਿਆਰ ਕੀਤੇ ਗਏ ਸਿਖਲਾਈ ਪ੍ਰੋਗਰਾਮ ਨਾਲ ਪੇਸ਼ੇਵਰ ਤੌਰ ’ਤੇ ਸੁਧਾਰ ਕਰ ਸਕਦੇ ਹਨ।
ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਬੀ.ਐਸ.ਸੀ ਐਗਰੀਕਲਚਰ ਦੀਆਂ ਵਿਦਿਆਰਥਣਾਂ ਨੇ ਸਿਖਲਾਈ ’ਚ ਉਤਸ਼ਾਹ ਨਾਲ ਭਾਗ ਲਿਆ।ਡਾ. ਵਰਮਾ ਨੇ ਦੱਸਿਆ ਕਿ ਸਿਖਲਾਈ ਦਾ ਮੁੱਖ ਉਦੇਸ਼ ਮੁੱਢਲੀ ਸਹਾਇਤਾ, ਪਸ਼ੂਆਂ ਦੀ ਖਰੀਦਦਾਰੀ, ਬਿਮਾਰ ਅਤੇ ਸਿਹਤਮੰਦ ਪਸ਼ੂਆਂ ’ਚ ਅੰਤਰ, ਜ਼ੁਨੋਸਿਸ, ਡੇਅਰੀ ਫਾਰਮ ਦੇ ਵੱਖ-ਵੱਖ ਪ੍ਰਬੰਧਨ ਪਹਿਲੂਆਂ ਜਿਵੇਂ ਕਿ ਖੁਰਾਕ, ਪ੍ਰਜਨਨ, ਵੱਛੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।
ਉਨ੍ਹਾਂ ਕਿਹਾ ਕਿ ਸਿਖਲਾਈ ’ਚ ਡੇਅਰੀ ਫਾਰਮਿੰਗ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਡੇਅਰੀ ਫਾਰਮ ਸ਼ੁਰੂ ਕਰਨ ਲਈ ਲੋੜਾਂ, ਪ੍ਰਜੀਵੀ, ਫੰਗਲ ਬਿਮਾਰੀਆਂ ਅਤੇ ਖੇਤ ਦੇ ਜਾਨਵਰਾਂ ਦੀ ਜ਼ਹਿਰ, ਗਰਭਪਾਤ ਦਾ ਪ੍ਰਬੰਧਨ ਅਤੇ ਸੰਤੁਲਿਤ ਖੁਰਾਕ ਦੀ ਲੋੜ ਵੱਖ-ਵੱਖ ਲੈਕਚਰ ਸ਼ਾਮਿਲ ਸਨ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਫਾਰਮ ਅਤੇ ਕਲੀਨਿਕਾਂ ਦੇ ਦੌਰੇ ਦੇ ਨਾਲ-ਨਾਲ ਵੱਖ-ਵੱਖ ਦੁੱਧ ਉਤਪਾਦਾਂ ਨੂੰ ਤਿਆਰ ਕਰਨ, ਤਾਪਮਾਨ ਅਤੇ ਨਬਜ਼ ਦੀ ਰਿਕਾਰਡਿੰਗ, ਬਿਮਾਰ ਪਸ਼ੂਆਂ ਨੂੰ ਰੋਕਣ ਵਰਗੀਆਂ ਪ੍ਰੈਕਟੀਕਲ ਕਲਾਸਾਂ ਸ਼ਾਮਿਲ ਕੀਤੀਆਂ ਗਈਆਂ।
ਉਕਤ ਸਿਖਲਾਈ ਪ੍ਰੋਗਰਾਮ ਸਵਾਲ-ਜਵਾਬ ਸੈਸ਼ਨ ਦੇ ਨਾਲ ਸਮਾਪਤ ਹੋਇਆ ਅਤੇ ਅਧਿਕਾਰੀਆਂ ਦੁਆਰਾ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।
ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਕਾਲਜ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਅਤੇ ਔਰਤਾਂ ਲਈ ਨਿਯਮਿਤ ਤੌਰ ’ਤੇ ਅਜਿਹੇ ਹੁਨਰ ਮੁਖੀ ਸਿਖਲਾਈ ਪ੍ਰੋਗਰਾਮ ਭਵਿੱਖ ’ਚ ਵੀ ਜਾਰੀ ਰਹਿਣਗੇ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media