ਅੰਮ੍ਰਿਤਸਰ, 11 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਲੋਕ ਮੰਚ ਦੇ ਸਹਿਯੋਗ ਨਾਲ ਡਾ. ਹਰਿਭਜਨ ਸਿੰਘ ਦੀ
ਸ਼ਤਾਬਦੀ ਨੂੰ ਸਮਰਪਿਤ ‘ਪੰਜਾਬੀ ਭਾਸ਼ਾ ਅਤੇ ਸਾਹਿਤ : ਸਥਿਤੀ ਤੇ ਸੰਕਟ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਵਲੋਂ ਸਵਾਗਤੀ ਭਾਸ਼ਣ ਉਪਰੰਤ ਸ਼ਮ੍ਹਾਂ ਰੌਸ਼ਨ ਦੀ ਰਸਮ ਅਦਾ ਕੀਤੀ ਗਈ ਅਤੇ ਵਿਭਾਗ ਮੁਖੀ ਪ੍ਰੋ. ਰਵਿੰਦਰ ਕੌਰ ਨੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਦੱਸਿਆ।ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਕੁੰਜੀਵਤ ਭਾਸ਼ਣ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਪ੍ਰੋਫ਼ੈਸਰ ਅਤੇ ਸਾਬਕਾ ਮੁਖੀ ਡਾ. ਹਰਿਭਜਨ ਸਿੰਘ ਭਾਟੀਆ ਨੇ ਪੰਜਾਬੀ ਭਾਸ਼ਾ ਦੀ ਅਮੀਰੀ ਤੋਂ ਗੱਲ ਆਰੰਭਦਿਆਂ ਸਾਹਿਤ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਤੋਂ ਵਾਕਫ਼ ਕਰਵਾਇਆ।ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਦੇ ਸਿਰਮੌਰ ਕਵੀ ਪਦਮ ਸੁਰਜੀਤ ਪਾਤਰ ਪ੍ਰਧਾਨ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਸਮੂਹ ਭਾਰਤੀ ਆਵਾਮ ਨੂੰ ਭਾਸ਼ਾ ਤੇ ਸਾਹਿਤ ਪ੍ਰਤੀ ਵਧੇਰੇ ਸੰਜ਼ੀਦਾ ਤੇ ਗੰਭੀਰ ਰਵੱਈਆ ਅਖ਼ਤਿਆਰ ਕਰਨ ਦੀ ਗੱਲ ਕੀਤੀ।
ਪਹਿਲੇ ਅਕਾਦਮਿਕ ਸੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਮੁਕਤਸਰ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਸਾਬਕਾ ਡਾਇਰੈਕਟਰ ਡਾ. ਪਰਮਜੀਤ ਸਿੰਘ ਢੀਂਗਰਾ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ‘ਤੇ ਚਰਚਾ ਕਰਦਿਆਂ ਇਸ ਦੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਵੱਲ ਸਰੋਤਿਆਂ ਦਾ ਧਿਆਨ ਦਿਵਾਇਆ।
ਪ੍ਰੁਸਿੱਧ ਨਾਟਕਕਾਰ ਅਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਪੰਜਾਬੀ ਨਾਟ-ਮੰਚ ਦੀ ਮੌਜ਼ੂਦਾ ਸਥਿਤੀ ਉੱਪਰ ਵਿਚਾਰ ਚਰਚਾ ਕਰਦਿਆਂ ਨਾਟ-ਪਾਠਨ ਅਤੇ ਮੰਚਨ ਦੀ ਆਪਸੀ ਪ੍ਰਸਪਰਤਾ ਨੂੰ ਕਾਇਮ ਰੱਖਣ ਦੀ ਵਿਧੀ ਤੋਂ ਜਾਣੂ ਕਰਵਾਇਆ।ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਪੰਜਾਬੀ ਅਤੇ ਡੋਗਰੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਨਰੇਸ਼ ਕੁਮਾਰ ਨੇ ਪੰਜਾਬੀ ਆਲੋਚਨਾ ਦੇ ਖੇਤਰ ਦੇ ਨਵੇਂ ਦਿਸਹੱਦਿਆਂ ਵੱਲ ਇਸ਼ਾਰਾ ਕੀਤਾ।ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਹੀਰਾ ਸਿੰਘ ਨੇ ਪੰਜਾਬੀ ਸਭਿਆਚਾਰ ਦੀ ਬਦਲ ਰਹੀ ਨੁਹਾਰ ਵੱਲ ਸੰਕੇਤ ਕਰਦਿਆਂ ਸਭਿਆਚਾਰ ਦੀ ਖਤਮ ਹੋ ਰਹੀ ਸ਼ੁੱਧਤਾ ਪ੍ਰਤੀ ਚਿੰਤਾ ਜ਼ਾਹਿਰ ਕੀਤੀ।
ਦੂਜੇ ਅਕਾਦਮਿਕ ਸੈਸ਼ਨ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਮੁਖੀ ਡਾ. ਮਨਜਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੀ ਰੂਪ-ਰੇਖਾ ‘ਚ ਵਾਪਰਦੇ ਫੇਰ-ਬਦਲ ਵਿਚੋਂ ਉਜਾਗਰ ਹੁੰਦੇ ਭਵਿੱਖਮੁਖੀ ਸੰਕਟਾਂ ਅਤੇ ਨਵੀਆਂ ਸੰਭਾਵਨਾਵਾਂ ਉਪਰ ਸੰਵਾਦ ਰਚਾਇਆ।ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਗੁਰੂ ਹਰਿਸਹਾਇ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਰੇਸ਼ਮ ਸਿੰਘ ਨੇ ਸਮਕਾਲੀ ਸਮੇਂ ਵਿਚ ਵਿਸ਼ਵੀਕਰਨ ਰੰਗਣ ਦਾ ਸਿਖ਼ਰ ਹੰਢਾਉਂਦੇ ਸਮੂਹ ਵਰਤਾਰਿਆਂ ਦੀ ਪੁਨਰ-ਵਿਆਖਿਆ ਕੀਤੀ।
ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਹਰਿੰਦਰ ਕੌਰ ਸੋਹਲ ਨੇ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਵਿਚੋਂ ਵਿਸਰ ਰਹੇ ਵਿਭਿੰਨ ਪਹਿਲੂਆਂ ਸੰਬੰਧੀ ਚਿੰਤਨੀ ਪਰਿਪੇਖ ਉਸਾਰਿਆ।ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਸੰਬੰਧਿਤ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਅਖ਼ੀਰਲੇ ਸੈਸ਼ਨ ਵਿਚ ‘ਕਾਵਿ ਗਾਇਨ’ ਸਿਰਲੇਖ ਹੇਠ ਮਨਰਾਜ ਪਾਤਰ ਅਤੇ ਕਾਲਜ ਦੇ ਸੰਗੀਤ ਵਿਭਾਗ ਦੇ ਮੁੱਖੀ ਡਾ. ਜਤਿੰਦਰ ਕੌਰ ਅਤੇ ਦੁਆਰਾ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਵਿੱਚ ਸੰਗੀਤਕ ਸ਼ਾਮ ਦਾ ਰੰਗ ਬੰਨ੍ਹਿਆ ਗਿਆ।
ਅੰਤ ’ਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਡਾ. ਪ੍ਰਦੀਪ ਕੌਰ ਨੇ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media