Thursday, May 21, 2026

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ 8 ਮਈ ਨੂੰ

ਜਨਰਲ ਹਾਊਸ ਨੇ ਹੱਥ ਖੜੇ੍ਹ ਕਰਵਾ ਕੇ ਚੋਣ ਕਰਵਾਉਣ ਦੀ ਦਿੱਤੀ ਪ੍ਰਵਾਨਗੀ

ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜਨਰਲ ਹਾਊਸ ਦੀ ਇਕੱਤਰਤਾ ਹੋਈ। ਅਰਦਾਸ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜ਼ਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਸਮੂਹ ਮੈਂਬਰ ਸਾਹਿਬਾਨ ਦਾ ਸਵਾਗਤ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਵਿਦਵਾਨ ਵਕੀਲ, ਸੀ.ਏ, ਐਜੂਕੇਸ਼ਨਿਸਟ ਅਤੇ ਹੋਰਨਾਂ ਆਪੋ-ਆਪਣੇ ਖੇਤਰ ਵਿੱਚ ਮਾਹਿਰ ਮੈਂਬਰਾਂ ਨੂੰ ਦੀਵਾਨ ਦੀਆਂ ਗਤੀਵਿਧੀਆਂ ਅਤੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਅਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ।ਮੀਟਿੰਗ ਦੌਰਾਨ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸਪੱਸ਼ਟ ਕੀਤਾ ਕਿ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ ਖਾਲੀ ਥਾਂ ਸੰਵਿਧਾਨ ਅਨੁਸਾਰ 60 ਦਿਨਾਂ ਦੇ ਅੰਦਰ ਭਰਨਾ ਲਾਜ਼ਮੀ ਹੈ।ਪ੍ਰੰਤੂ ਚੋਣ ਪ੍ਰਕਿਰਿਆ ਦਾ ਸਮਾਂ ਲੰਮਾ ਹੋਣ ਕਰਕੇ ਉਚੇਚੇ ਹਲਾਤਾਂ ਦੇ ਮੱਦੇਨਜ਼ਰ ਕਾਰਜ਼-ਸਾਧਕ ਕਮੇਟੀ ਵਲੋਂ ਬਾਕੀ ਰਹਿੰਦੇ ਸਮੇਂ ਲਈ ਮਿਤੀ 08-05-2022 ਨੂੰ ਪ੍ਰਧਾਨ ਦੇ ਖਾਲੀ ਅਹੁੱਦੇ ਲਈ ਆਪਸੀ ਸਹਿਮਤੀ ਨਾਲ ਚੋਣ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ।ਇਸ ਸੰਬੰਧ ਵਿਚ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਰਿਟਰਨਿੰਗ ਅਫਸਰ ਪ੍ਰੋ. ਵਰਿਆਮ ਸਿੰਘ, ਹਰਜੀਤ ਸਿੰਘ ਤਰਨਤਾਰਨ, ਨਰਿੰਦਰ ਸਿੰਘ ਖੁਰਾਣਾ ਸ਼ਾਮਲ ਹਨ, ਨੂੰ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸੰਵਿਧਾਨ ਅਨੁਸਾਰ ਸਮਾਂ ਰਹਿੰਦੇ ਪ੍ਰਧਾਨ ਦੀ ਖਾਲੀ ਥਾਂ 60 ਦਿਨਾਂ ਦੇ ਅੰਦਰ-ਅੰਦਰ ਪੁਰ ਕੀਤੀ ਜਾ ਸਕੇ।ਉਹਨਾਂ ਨੇ ਦੱਸਿਆ ਕਿ ਤਰਨਤਾਰਨ, ਚੰਡੀਗੜ੍ਹ, ਮੁੰਬਈ ਸਮੇਤ ਕਈ ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀਆਂ ਵਲੋ ਪ੍ਰਧਾਨ ਦੀ ਚੋਣ ‘ਸ਼ੋਅ ਹੈਂਡ’ ਮਤਲਬ ਮੈਂਬਰ ਸਾਹਿਬਾਨ ਵਲੋਂ ਹੱਥ ਖੜ੍ਹੇ ਕਰਕੇ ਉਮੀਦਵਾਰ ਦੇ ਪੱਖ ਵਿੱਚ ਆਪਣੀ ਸਹਿਮਤੀ ਪ੍ਰਗਟਾਉਣ ਦੀ ਵਿਧੀ ਨਾਲ ਕਰਵਾਉਣ ਦੇ ਮੱਤੇ ਪਾਸ ਕਰਕੇ ਭੇਜੇ ਗਏ ਹਨ।
ਵਿਚਾਰ-ਵਟਾਂਦਰੇ ਉਪਰੰਤ ਜਨਰਲ ਹਾਊਸ ਦੇ ਮੈਂਬਰ ਸਾਹਿਬਾਨ ਵਲੋਂ ਸਰਬ-ਸੰਮਤੀ ਨਾਲ ਜੈਕਾਰਿਆਂ ਦੀ ਗੁੰਜ ਵਿਚ ਚੀਫ਼ ਖ਼ਾਲਸਾ ਦੀਵਾਨ ਦੀਆਂ ਪਰੰਪਰਾਵਾਂ ਅਨੁਸਾਰ ਬਜੁ਼ਰਗਾਂ ਦੇ ਪਾਏ ਪੁਰਨਿਆਂ ਤੇ ਚੱਲਦਿਆਂ ਮਿਤੀ 08-5-2022 ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ‘ਸ਼ੋਅ ਹੈਂਡ’ ਮਤਲਬ ਮੈਂਬਰ ਸਾਹਿਬਾਨ ਵਲੋਂ ਹੱਥ ਖੜ੍ਹੇ ਕਰਕੇ ਉਮੀਦਵਾਰ ਦੇ ਪੱਖ ਵਿਚ ਆਪਣੀ ਸਹਿਮਤੀ ਪ੍ਰਗਟਾਉਣ ਦੀ ਵਿਧੀ ਨਾਲ ਪ੍ਰਧਾਨ ਦੇ ਅਹੁੱਦੇ ਲਈ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ।
                      ਇਸ ਮੋਕੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਗਾ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ, ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਜਸਪਾਲ ਸਿੰਘ ਢਿੱਲੋਂ, ਪ੍ਰੋ. ਵਰਿਆਮ ਸਿੰਘ, ਹਰਜੀਤ ਸਿੰਘ ਤਰਨਤਾਰਨ, ਨਰਿੰਦਰ ਸਿੰਘ ਖੁਰਾਣਾ, ਸੁਖਦੇਵ ਸਿੰਘ ਮੱਤੇਵਾਲ, ਪ੍ਰੋ. ਹਰੀ ਸਿੰਘ, ਇੰਜੀ: ਜਸਪਾਲ ਸਿੰਘ, ਗੁਰਿੰਦਰ ਸਿੰਘ, ਭਗਵੰਤਪਾਲ ਸਿੰਘ ਸੱਚਰ, ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਡਾ. ਜਸਵਿੰਦਰ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੋਰ, ਕੁਲਦੀਪ ਸਿੰਘ ਮਜੀਠਾ, ਡਾ. ਤਰਵਿੰਦਰ ਸਿੰਘ ਚਾਹਲ ਆਦਿ 150 ਦੇ ਕਰੀਬ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਵੱਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ …