ਕਿਹਾ, ਮਲੇਰੀਏ ਦੇ ਖਾਤਮੇ ਲਈ ਲੋਕਾਂ ਦਾ ਚੇਤਨ ਹੋਣਾ ਜਰੂਰੀ
ਕਪੂਰਥਲਾ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ, ਮਲੇਰੀਆ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਵਿਸ਼ਵ
ਮਲੇਰੀਆ ਦਿਵਸ ਮੌਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪੱਧਰੀ ਸਮਾਰੋਹ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2024 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਹੈ, ਪਰ ਇਹ ਟੀਚਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖਾਰ ਹੈ, ਜੋ ਕਿ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਪਲਾਸਮੋਡੀਅਮ ਦੇ ਤੌਰ `ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ, ਜੋ ਪੈਰਾਸਾਈਡ ਹੈ।ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ `ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ।ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨਾ ਤਾਂ ਪਾਣੀ ਖੜਾ ਹੋਣ ਦੇਣ ਤੇ ਨਾ ਹੀ ਕੂੜੇ ਦੇ ਢੇਰ ਲੱਗਣ ਦੇਣ। ਉਨ੍ਹਾਂ ਕਿਹਾ ਕਿ ਮੱਛਰ ਦਾ ਲਾਰਵਾ ਪੈਦਾ ਹੋਣ ਲਈ ਇਕ ਚੱਮਚ ਪਾਣੀ ਹੀ ਕਾਫੀ ਹੁੰਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਤਾਂ `ਤੇ ਟਾਇਰ, ਖਾਲੀ ਬਰਤਨ ਅਤੇ ਕਬਾੜ ਆਦਿ ਇਕੱਠਾ ਨਾ ਹੋਣ ਦੇਣ।ਉਨ੍ਹਾਂ ਕਿਹਾ ਕਿ ਦਿਨ ਤੇ ਰਾਤ ਵੇਲੇ ਮੱਛਰਾਂ ਦੇ ਝੁੰਡ ਘਰਾਂ `ਚ ਦਸਤਕ ਦਿੰਦੇ ਹਨ ਤੇ ਸਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦਸਿਆ ਕਿ ਬੁਖਾਰ ਨਾਲ ਸਿਰ ਦਰਦ, ਉਲਟੀਆਂ, ਠੰਡ ਅਤੇ ਹੱਥਾਂ-ਪੈਰਾਂ `ਚ ਅਕੇਵਾਂ ਰਹਿਣਾ ਅਤੇ ਕਾਂਬੇ ਨਾਲ ਤੇਜ਼ ਬੁਖਾਰ ਰਹਿਣਾ ਹੈ।ਜਿਲ੍ਹਾ ਐਪੀਡੀਮੋਲੋਜਿਸਟ ਡਾ. ਨੰਦਿਤਾ ਖੁੱਲਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ-ਸਮੇਂ `ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ, ਡੀ.ਐਮ.ਸੀ ਡਾ. ਸੰਦੀਪ ਭੋਲਾ, ਡੀ.ਆਈ.ਓ ਡਾ. ਰਣਦੀਪ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਾ. ਮਿਨਾਕਸ਼ੀ, ਡਾ, ਨਵਪ੍ਰੀਤ ਕੌਰ, ਬੀ.ਈ.ਈ ਰਵਿੰਦਰ ਜੱਸਲ ਏ.ਐਮ.ੳ ਜਗਤਬੀਰ ਸਿੰਘ ਤੇ ਗੁਰਬੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media