Tuesday, February 24, 2026

ਸ਼੍ਰੋਮਣੀ ਕਮੇਟੀ ਗਰਮੀਆਂ ਦੀਆਂ ਛੁੱਟੀਆਂ ’ਚ ਲਗਾਏਗੀ ਗੁਰਮਤਿ ਕੈਂਪ – ਐਡਵੋਕੇਟ ਧਾਮੀ

ਵਿਸ਼ਾਲ ਗੁਰਮਤਿ ਸਮਾਗਮ ਤੇ ਡਿਜ਼ੀਟਲ ਧਰਮ ਪ੍ਰਚਾਰ ਮੁਹਿੰਮ ਵਿੱਢਣ ਦਾ ਵੀ ਫੈਸਲਾ

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ‘ਚ ਇਕ ਵਿਸ਼ਾਲ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਦੇ ਨਾਲ-ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿੱਚ ਗੁਰਮਤਿ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਰਹਿਤ ਮਰਯਾਦਾ ਅਤੇ ਗੁਰ-ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ-ਨਾਲ ਦਾ ਫੈਸਲਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਸਮੇਂ ਦੀ ਲੋੜ ਅਨੁਸਾਰ ਧਰਮ ਪ੍ਰਚਾਰ ਲਹਿਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਿਜਾਣ ਦੇ ਮਕਸਦ ਨਾਲ ਡਿਜ਼ੀਟਲ ਮਾਧਿਅਮ ਰਾਹੀਂ ਵੀ ਸਿੱਖੀ ਪ੍ਰਚਾਰ ਦੇ ਪ੍ਰੋਗਰਾਮ ਕਰੇਗੀ।
                  ਇਕੱਤਰਤਾ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਧਾਮੀ ਨੇ ਦੱਸਿਆ ਕਿ ਜ਼ੋਰਦਾਰ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਪ੍ਰਚਾਰਕ ਜਥੇ ਭੇਜੇ ਜਾਣਗੇ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਹਰ ਹਲਕੇ ਵਿਚ ਇਕ ਵਿਸ਼ਾਲ ਗੁਰਮਤਿ ਸਮਾਗਮ ਤੇ ਕੀਰਤਨ ਦਰਬਾਰ ਕੀਤਾ ਜਾਵੇਗਾ ਅਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ।ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾਂਦੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਾ ਸਾਹਿਬਾਨ ‘ਚ ਗੁਰਮਤਿ ਸਿੱਖਲਾਈ ਕੈਂਪ ਲਗਾਏ ਜਾਣਗੇ।ਕੈਂਪਾਂ ਦੌਰਾਨ ਹਰ ਪਿੰਡ ਵਿਚ ਇਕ ਮਹੀਨਾ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਕੈਂਪ ਦੀ ਸਮਾਪਤੀ ਸਮੇਂ ਨਸ਼ਿਆਂ ਵਿਰੁੱਧ ਮਾਰਚ ਕੱਢਿਆ ਜਾਵੇਗਾ।ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮੌਜੂਦਾ ਸਮਾਂ ਤਕਨੀਕ ਦਾ ਹੈ, ਜਿਸ ਨੂੰ ਵੇਖਦਿਆਂ ਡਿਜੀਟਲ ਮਾਧਿਅਮ ਰਾਹੀਂ ਵੀ ਸਿੱਖੀ ਪ੍ਰਚਾਰ ਕੀਤਾ ਜਾਵੇਗਾ। ਇਸ ਤਹਿਤ ਸੋਸ਼ਲ ਮੀਡੀਆਂ ਦੇ ਮੰਚਾਂ ਤੋਂ ਢਾਡੀ, ਕਵੀਸ਼ਰ ਤੇ ਪ੍ਰਚਾਰਕ ਧਰਮ ਪ੍ਰਚਾਰ ਦਾ ਕਾਰਜ਼ ਕਰਨਗੇ।
                    ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿਦਿਅਕ ਅਦਾਰਿਆਂ ਵਿਚ ਧਾਰਮਿਕ ਸਿੱਖਿਆ ਦੇ ਰਹੇ ਅਧਿਆਪਕਾਂ ਅਤੇ ਗੁਰਮਤਿ ਕਾਲਜਾਂ ਤੇ ਵਿਦਿਆਲਿਆਂ ਦੇ ਸਟਾਫ ਦੇ 5 ਰੋਜ਼ਾ ਗੁਰਮਤਿ ਕੈਂਪਾਂ ਦਾ ਆਯੋਜਨ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।ਗੁਰਮਤਿ ਸਿੱਖਿਆ ਅਤੇ ਅਧਿਆਪਨ ਸੇਧਾਂ ਦੇ ਵਿਸ਼ੇ ਤਹਿਤ ਇਨ੍ਹਾਂ ਰਿਫਰੈਸ਼ਰ ਕੈਂਪਾਂ ਦੌਰਾਨ ਗੁਰਮਤਿ ਦੇ ਮਾਹਿਰ ਵਿਦਵਾਨ ਸੰਬੋਧਨ ਕਰਨਗੇ ਅਤੇ ਇਸ ਦੇ ਨਾਲ ਹੀ ਮੌਜ਼ੂਦਾ ਪੰਥਕ ਚੁਣੌਤੀਆਂ ਦੇ ਟਾਕਰੇ ਲਈ ਸਿੱਖ ਨੌਜੁਆਨੀ ਨੂੰ ਤਿਆਰ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਦਾ ਸਰਲੀਕਰਨ ਵੀ ਕੀਤਾ ਗਿਆ ਹੈ।
                      ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਅਵਤਾਰ ਸਿੰਘ ਵਣਵਾਲਾ, ਤੇਜਿੰਦਰਪਾਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਮੀਤ ਸਿੰਘ ਬੁੱਟਰ, ਤੇਜਿੰਦਰ ਸਿੰਘ ਪੱਡਾ, ਇੰਚਾਰਜ ਹਰਭਜਨ ਸਿੰਘ ਵਕਤਾ ਤੇ ਵਰਿੰਦਰ ਸਿੰਘ ਠਰੂ, ਸੁਪਰਵਾਈਜ਼ਰ ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ ਝੰਗੀ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …