Sunday, March 22, 2026

ਹਰ ਮਨੁੱਖ ਲਗਾਵੇ 5 ਰੁੱਖ – ਸਪੀਕਰ ਕੁਲਤਾਰ ਸਿੰਘ ਸੰਧਵਾ

ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵਲੋਂ ਮਿੱਟੀ, ਪਾਣੀ ਅਤੇ ਹਵਾ ਬਚਾਉਣ ਦਾ ਸੱਦਾ

ਅੰਮ੍ਰਿਤਸਰ 5 ਜੂਨ (ਸੁਖਬੀਰ ਸਿੰਘ) – ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਦੇ 118ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਜੋ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੱਦਾ ਦਿੱਤਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰ ਮਨੁੱਖ 5 ਰੁੱਖ ਲਗਾਵੇ।
                   ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਜੰਗਲਾਤ ਹੇਠ ਰਕਬਾ ਨਾਂਹ ਦੇ ਬਰਾਬਰ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ।ਉਨਾਂ ਕਿਹਾ ਕਿ ਪੰਜਾਬ ਦਾ ਪਾਣੀ ਪਲੀਤ ਅਤੇ ਧਰਤੀ ਹੇਠ ਪਾਣੀ ਖ਼ਤਮ ਹੋ ਰਿਹਾ ਹੈ।ਜਿਸ ਨੂੰ ਬਚਾਉਣ ਲਈ ਵੱਡੇ ਹੰਭਲੇ ਦੀ ਲੋੜ ਹੈ।ਉਨਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਪਰ ਇਹ ਕੰਮ ਆਪਾਂ ਸਾਰਿਆਂ ਨੂੰ ਮਿਲ ਕੇ ਕਰਨਾ ਹੈ।
                   ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਕਈ ਵਰ੍ਹੇ ਪਹਿਲਾਂ ਸਾਨੂੰ ਵਾਤਾਵਰਨ ਬਚਾਉਣ ਦਾ ਸੱਦਾ ਦੇ ਗਏ ਸਨ, ਪਰ ਅਸੀਂ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ।ਪਰ ਅੱਜ ਸਾਨੂੰ ਇਹ ਸੱਦਾ ਹਕੀਕਤ ਵਿੱਚ ਅਪਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਸੁਰੱਖਿਅਤ ਬਚਾ ਸਕਾਂਗੇ।ਉਨਾਂ ਕਿਹਾ ਕਿ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਨੀਆਂ ਦੀਆਂ ਮਹਾਨ ਸੰਸਥਾਵਾਂ ਵਿਚੋਂ ਇਕ ਹੈ ਅਤੇ ਇਨਾਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਈ ਜਾਗ ਅੱਜ ਦੀਵੇ ਬਣ ਕੇ ਲੋਅ ਦੇਣ ਲੱਗੀ ਹੈ।ਆਸ ਹੈ ਕਿ ਵਿਰਲੇ ਟਾਂਵੇ ਜੱਗਦੇ ਇਹ ਦੀਵੇ ਛੇਤੀ ਹੀ ਚਾਨਣ ਦਾ ਰੂਪ ਧਾਰਨ ਕਰਨਗੇ।ਉਨਾਂ ਕਿਹਾ ਕਿ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸੀਂ ਕੁਦਰਤੀ ਸਰੋਤਾਂ ਦਾ ਦੁਰਉਪਯੋਗ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਾਂ।ਜਿਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਝੌਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨੂੰ ਜ਼ਮੀਨੀ ਹਕੀਕਤ ‘ਤੇ ਕਿਸਾਨ ਹੀ ਅਪਣਾ ਕੇ ਪਾਣੀ ਬਚਾਅ ਸਕਦਾ ਹੈ।
                      ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਵਿਧਾਇਕਾ ਬੀਬੀ ਜੀਵਨਜੋਤ ਕੌਰ, ਗਿਆਨੀ ਕੇਵਲ ਸਿੰਘ, ਪਿੰਗਲਵਾੜਾ ਮੁਖੀ ਬੀਬੀ ਇੰਦਰਜੀਤ ਕੌਰ, ਕਾਹਨ ਸਿੰਘ ਪਨੂੰ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਉਮੇਂਦਰ ਦੱਤ, ਡਾ. ਗੁਰਚਰਨ ਸਿੰਘ ਨੂਰਪੂਰ, ਗੁਰਪ੍ਰੀਤ ਸਿੰਘ ਚੰਦਬਾਜਾ, ਰਾਜਬੀਰ ਸਿੰਘ, ਅਰਵਿੰਦਰ ਸਿੰਘ ਭੱਟੀ, ਹੋਰ ਸ਼ਖਸ਼ੀਅਤਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
              ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਡੀ.ਸੀ ਅੰਮ੍ਰਿਤਸਰ ਕਾਹਣ ਸਿੰਘ ਪੰਨੂ, ਪ੍ਰਿੰ. ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ, ਦਲਜੀਤ ਸਿੰਘ ਕੋਹਲੀ ਅਤੇ ਸੁਰਜੀਤ ਸਿੰਘ ਰਾਹੀ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …