Saturday, March 28, 2026

ਸਿਮਰਨਜੀਤ ਸਿੰਘ ਮਾਨ ਨੇ ਦੋ ਦਹਾਕਿਆਂ ਬਾਅਦ ਗੱਡੇ ਜਿੱਤ ਦੇ ਝੰਡੇ

ਆਮ ਆਦਮੀ ਪਾਰਟੀ ਨੂੰ ਪੜਚੋਲ ਕਰਨ ਦੀ ਲੋੜ

ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਅੱਜ ਆਏ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਿਆਸਤ ਦੇ ਬਾਬਾ ਬੋਹੜ ਸਿਮਰਨਜੀਤ ਸਿੰਘ ਮਾਨ ਨੇ ਜਿਥੇ ਦੋ ਦਹਾਕਿਆਂ ਬਾਅਦ ਜਿੱਤ ਦੇ ਝੰਡੇ ਗੱਡੇ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੇ 14 ਉਮੀਦਵਾਰਾਂ ਦੀ ਜ਼ਮਾਨਤ ਵੀ ਜ਼਼ਬਤ ਕਰਵਾ ਦਿੱਤੀ ਹੈ।
                ਜਿਕਰਯੋਗ ਹੈ ਕਿ ਇਹ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੁਖ ਮੰਤਰੀ ਬਣਨ ਉਪਰੰਤ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।ਲਗਭਗ ਤਿੰਨ ਮਹੀਨੇ ਪਹਿਲਾਂ ਹੋਈਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਥੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤੇ ਸਨ, ਉਥੇ ਹੀ ਲੋਕ ਸਭਾ ਹਲਕਾ ਸੰਗਰੂਰ ਦੇ ਸਾਰੇ 9 ਹਲਕਿਆਂ ਵਿੱਚ ਇਸੇ ਪਾਰਟੀ ਨੇ ਜਿੱਤ ਦਾ ਪ੍ਰਚੰਡ ਪਰਚਮ ਲਹਿਰਾਇਆ ਸੀ।ਜਿਥੇ ਜ਼ਿਲ੍ਹਾ ਸੰਗਰੂਰ ਦੇ ਭਗਵੰਤ ਸਿੰਘ ਮਾਨ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਮੁਖ ਮੰਤਰੀ ਬਣੇ ਉਥੇ ਹੀ ਸੰਗਰੂਰ ਦੇ ਦਿੜ੍ਹਬਾ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੂਬੇ ਦੇ ਸਿੱਖਿਆ ਮੰਤਰੀ ਬਣੇ ਹਨ।
                  ਸੰਗਰੂਰ ਜ਼ਿਮਨੀ ਚੋਣ ਜਿੱਤਣ ਲਈ ਆਪ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ।ਜਿਨ੍ਹਾਂ ਨੇ ਇਥੇ ਪੱਕੇ ਡੇਰੇ ਲਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।ਮੁੱਖ ਮੰਤਰੀ ਦਾ ਰੋਡ ਸ਼ੋਅ ਵੀ ਇਸ ਹਲਕੇ ਵਿੱਚ ਹੋਇਆ, ਪਰ ਸੱਤਾ ‘ਤੇ ਕਾਬਜ਼ ਧਿਰ ਆਪਣੀ ਸੀਟ ਨਹੀਂ ਬਚਾ ਸਕੀ ਅਤੇ ਸਿਮਰਨਜੀਤ ਮਾਨ ਵਲੋਂ 5822 ਵੋਟਾਂ ਦੇ ਫਰਕ ਨਾਲ ਇਸ ਸੀਟ ਤੋਂ ਪ੍ਰਾਪਤ ਕੀਤੀ ਜਿੱਤ ਆਪਣੇ ਆਪ ‘ਚ ਕਈ ਵੱਡੇ ਸਵਾਲ ਛੱਡ ਗਈ ਹੈ, ਕਿ 100 ਦਿਨਾਂ ਵਿੱਚ ਹੀ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ, ਜਾਂ ਮੁਲਾਜ਼ਮ ਵਰਗ ਸਰਕਾਰ ਦੇ ਉਲਟ ਭੁਗਤਿਆ ਹੈ।ਨੌਜਵਾਨ ਵਰਗ ਜੋ ਤਿੰਨ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਝਾੜੂ ਫੜਦਿਆਂ ਡਟ ਕੇ ਖੜ੍ਹਾ ਸੀ।ਉਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕੀਤਾ।ਇਸ ਜਿਮਨੀ ਚੋਣ ਵਿੱਚ ਹੋਈ ਹਾਰ ਦੀ ਜਿਥੇ ਆਮ ਆਦਮੀ ਪਾਰਟੀ ਨੂੰ ਪੜਚੋਲ ਕਰਨ ਦੀ ਲੋੜ ਹੈ, ਉਥੇ ਹੀ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ‘ਤੇ ਵੀ ਖਰਾ ਉਤਰਨਾ ਸਰਕਾਰ ਲਈ ਜਰੂਰੀ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …