ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਅਗੇਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸਨਰ ਹਰਬੀਰ ਸਿੰਘ ਵਲੋਂ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਰੀਵਿਓ ਮੀਟਿੰਗ ਕੀਤੀ ਗਈ।ਜਿਸ ਵਿੱਚ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਅਰਵਿੰਦਰ ਪਾਲ ਸਿੰਘ ਡੀ.ਆਰ.ਓ ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਜਨੀਸ਼ ਕੌਰ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਪਠਾਨਕੋਟ, ਯੁਧਵੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਅਤੇ ਸਬੰਧਤ ਵਿਭਾਗੀ ਅਧਿਕਾਰੀ ਹਾਜਰ ਸਨ।
ਡਿਪਟੀ ਕਮਿਸਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਕਲ ਬਾਰਿਸ਼ ਦਾ ਮੌਸਮ ਚਲ ਰਿਹਾ ਹੈ ਅਤੇ ਜਿਲ੍ਹਾ ਪਠਾਨਕੋਟ ਦੇ ਕੁੱਝ ਖੇਤਰ ਦਰਿਆਵਾਂ ਦੇ ਕਿਨਾਰੇ ਸਥਿਤ ਹੋਣ ਕਰਕੇ ਇਨ੍ਹਾਂ ਪਿੰਡਾਂ ‘ਚ ਸੰਭਾਵਿਤ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਅਜਿਹੀ ਸਥਿਤੀ ਲਈ ਉਹ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ, ਤਾਂ ਜੋ ਲੋੜ ਪੈਣ ‘ਤੇ ਉਹ ਅਪਣੇ ਕਾਰਜ਼ ਨੂੰ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਪੂਰਾ ਕਰ ਸਕਣ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਜਿਲ੍ਹੇ ਅੰਦਰ ਜੋ ਵੀ ਸਮਾਨ ਜਿਵੇਂ ਬੋਟਸ, ਇੰਜਣ, ਲਾਈਫ ਜੈਕਿਟ ਆਦਿ ਸਮਾਨ ਨੂੰ ਤਿਆਰ ਕਰਕੇ ਰੱਖਿਆ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉੱਜ ਦਰਿਆ ਦੇ ਨਜ਼ਦੀਕ ਲਗਦੇ ਪਿੰਡਾਂ ਅਤੇ ਬਲਾਕ ਬਮਿਆਲ ਅਧੀਨ ਸੰਭਾਵਿਤ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਬਾਰੇ ਸੁਚੇੇਤ ਰਹਿਣ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸੰਭਾਵਿਤ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ‘ਚ ਕੈਂਪ ਬਣਾਉਣ ਲਈ ਗਈਆਂ ਤਿਆਰੀਆਂ ਕੀਤੀਆਂ ਦਾ ਇੱਕ ਵਾਰ ਫਿਰ ਤੋਂ ਜਾਇਜ਼ਾ ਲੈ ਕੇ ਸੰਭਾਵਿਤ ਕੈਂਪਾਂ ਅੰਦਰ ਬਿਜਲੀ, ਪਾਣੀ, ਪਖਾਨਿਆਂ ਆਦਿ ਦੀ ਜਾਂਚ ਕਰ ਲਈ ਜਾਵੇ।ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਵੀ ਸੰਭਾਵਿਤ ਹੜ੍ਹਾਂ ਦੋਰਾਨ ਪਸ਼ੂਆਂ ਦੇ ਲਈ ਚਾਰੇ ਸਬੰਧੀ ਅਗੇਤੇ ਪਬੰਧ ਕੀਤੇ ਜਾਣ।ਉਨਾਂ ਦੱਸਿਆ ਕਿ ਜਿਲ੍ਹੇ ਅੰਦਰ ਕੰਟਰੋਲ ਰੂਮ ਵੀ ਸਥਾਪਿਤ ਕਰ ਲਏ ਗਏ ਹਨ ਅਤੇ ਅਧਿਕਾਰੀਆਂ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …