ਅੰਮ੍ਰਿਤਸਰ 9 ਅਗਸਤ (ਦੀਪ ਦਵਿੰਦਰ ਸਿੰਘ) – ਪਝੰਤਰ ਵਰ੍ਹੇ ਪਹਿਲਾਂ ਸੰਤਾਲੀ ਦੇ ਉਜਾੜੇ ਵੇਲੇ ਅਣਿਆਈ ਮੌਤ ਮਰੇ 10 ਲਖ ਪੰਜਾਬੀਆਂ ਨੂੰ ਯਾਦ ਕਰਨ ਹਿੱਤ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਏ ਫੈਸਲੇ ਦੀ ਪੰਜਾਬੀ ਸਾਹਿਤਕਾਰਾਂ ਵਲੋਂ ਸ਼ਲਾਘਾ ਕੀਤੀ ਗਈ ਹੈ।
ਅੱਜ ਇਥੋਂ ਜਾਰੀ ਬਿਆਨ ਵਿਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਆਤਮ ਰੰਧਾਵਾ, ਡਾ. ਇਕਬਾਲ ਕੌਰ ਸੌਂਧ, ਹਰਜੀਤ ਸੰਧੂ, ਸ਼ੈਲਿੰਦਰਜੀਤ ਰਾਜਨ, ਮਨਮੋਹਨ ਸਿੰਘ ਢਿੱਲੋਂ, ਜਗਦੀਸ਼ ਸਚਦੇਵਾ ਅਤੇ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਪੌਣੀ ਸਦੀ ਪਹਿਲਾਂ ਇਸ ਖਿੱਤੇ ਵਿੱਚ ਮੁਲਕ ਵੰਡ ਦੌਰਾਨ ਫਿਰਕੂ ਫਸਾਦਾਂ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨਾ ਚੰਗੀ ਗੱਲ ਐ, ਕਿਉਂਕਿ ਏਨੇ ਵਰ੍ਹੇ ਪਹਿਲਾਂ ਹੋਏ ਇਸ ਕਤਲੇਆਮ ਦੀ ਟੀਸ ਲੋਕ ਚੇਤਿਆਂ ਵਿੱਚ ਅਜੇ ਵੀ ਜਿਉਂ ਦੀ ਤਿਉਂ ਹੈ।ਉਹਨਾਂ ਕਿਹਾ ਕਿ ਜੇ ਉਸ ਵੇਲੇ ਵੀ ਵੱਖ-ਵੱਖ ਧਾਰਮਿਕ ਆਗੂ ਅਮਨ ਸਾਂਤੀ ਲਈ ਉਪਰਾਲੇ ਕਰਦੇ ਤਾਂ ਸ਼ਾਇਦ ਇਹਨਾਂ ਕਾਲਖ ਮਾਰੀਆਂ ਸਰਹੱਦਾਂ ‘ਤੇ ਧੀਆਂ ਧਿਆਣੀਆਂ ਦੀਆਂ ਅਸਮਤਾਂ ਲੀਰੋ ਲੀਰ ਨਾਂ ਹੁੰਦੀਆਂ।ਅਮਨ ਅਮਾਨ ਨਾਲ ਵਸਦੇ ਇਸ ਖਿੱਤੇ ਦੇ ਲੋਕ ਘਰੋਂ ਬੇਘਰ ਨਾ ਹੁੰਦੇ ਅਤੇ ਪਝੰਤਰ ਵਰ੍ਹਿਆਂ ਬਾਅਦ ਵੀ ਇਥੋਂ ਉਜੜਨ ਵਾਲੇ ਅੱਜ ਵੀ ਆਪਣੀ ਜਨਮ ਭੌਏਂ ਵੇਖਣ ਨੂੰ ਤਰਸਦੇ ਹਨ।
ਉਹਨਾਂ ਕਿਹਾ ਕਿ ਇਹ ਕੇਹੀ ਸਿਤਮ ਜ਼ਰੀਫੀ ਹੈ ਕਿ ਪੌਣੀ ਸਦੀ ਬਾਅਦ ਵੀ ਦੋਹਾਂ ਮੁਲਕਾਂ ਦੀਆਂ ਪਾਰਲੀਮੈਂਟ ਵਿੱਚ ਸਰਕਾਰਾਂ ਨੇ ਰਸਮੀ ਜਾਂ ਗੈਰ ਰਸਮੀ ਤੌਰ ‘ਤੇ ਉਹਨਾਂ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਇਕ ਵੀ ਸ਼ਬਦ ਨਹੀਂ ਬੋਲਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media