Tuesday, July 7, 2026

ਖੇਤਰੀ ਸਰਸ ਮੇਲੇ `ਚ ਵੱਖ-ਵੱਖ ਰਾਜਾਂ ਦੇ ਰਵਾਇਤੀ ਨਾਚਾਂ ਨੇ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ

ਐਨ.ਜ਼ੈਡ.ਸੀ.ਸੀ ਕਲਾਕਾਰਾਂ ਨੇ ਸਰਸ ਮੇਲੇ ਦੇ ਮੰਚ ਤੋਂ ਪੇਸ਼ ਕੀਤੇ ਅਸਮ, ਓਡੀਸ਼ਾ ਤੇ ਕਸ਼ਮੀਰ ਦੇ ਸੱਭਿਆਚਾਰਕ ਨਾਚ

ਸੰਗਰੂਰ, 15 ਅਕਤੂਬਰ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ `ਚ 8 ਅਕਤੂਬਰ ਤੋਂ ਚੱਲ ਰਹੇ ਖੇਤਰੀ ਸਰਸ ਮੇਲੇ `ਚ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰ ਆਪੋ-ਆਪਣੇ ਰਾਜਾਂ ਦੇ ਰਵਾਇਤੀ ਨਾਚ ਪੇਸ਼ ਕਰਕੇ ਲਗਾਤਾਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਹੇ ਹਨ।ਅੱਜ ਖੇਤਰੀ ਸਰਸ ਮੇਲੇ ਦੇ ਮੰਚ ਤੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ) ਦੇ ਕਲਾਕਾਰਾਂ ਵਲੋਂ ਅਸਮ ਦਾ ਬੀਹੂ ਭੋਰਤਲ, ਓਡੀਸ਼ਾ ਦਾ ਗੋਟੀਪੂਆ ਅਤੇ ਕਸ਼ਮੀਰ ਦਾ ਰਵਾਇਤੀ ਨਾਚ ਰਾੳਫ਼ ਪੇਸ਼ ਕੀਤਾ ਗਿਆ ਅਤੇ ਰਵਾਇਤੀ ਸੰਗੀਤ ਦੀਆਂ ਧੁੰਨਾਂ ਨੇ ਮੇਲਾ ਵੇਖਣ ਆਏ ਲੋਕਾਂ ਨੂੰ ਆਪਣੇ ਵੱਲ ਖਿੱਚਿਆ।
ਇਸ ਦੇ ਨਾਲ ਹੀ ਸਰਸ ਮੇਲੇ `ਚ ਨਕਲੀਏ, ਹਰਿਆਣੇ ਦੇ ਕਲਾਕਾਰਾਂ ਵਲੋਂ ਬਜਾਇਆ ਨਗਾੜਾ ਅਤੇ ਪੰਜਾਬੀਆਂ ਦੀ ਲੋਕ ਕਲਾ ਨਚਾਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।ਮੇਲਾ ਵੇਖਣ ਆਏ ਲੋਕਾਂ ਵਲੋਂ 9 ਸਾਲ ਬਾਅਦ ਸੰਗਰੂਰ ਵਿਖੇ ਖੇਤਰੀ ਸਰਸ ਮੇਲਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਗਈ।ਮੇਲਾ ਵੇਖਣ ਆਏ ਬਰਜਿੰਦਰ ਸਿੰਘ ਨੇ ਕਿਹਾ ਕਿ ਅੱਜਕਲ ਲੋਕ ਆਪਣਾ ਪੁਰਾਣਾ ਵਿਰਸਾ ਭੁੱਲਦੇ ਜਾ ਰਹੇ ਹਨ ਅਤੇ ਅਜਿਹੇ ਮੇਲੇ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਨਿਯਮਤ ਤੌਰ `ਤੇ ਲਾਏ ਜਾਣੇ ਜ਼ਰੂਰੀ ਹਨ।ਤੇਜਿੰਦਰ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸੰਗਰੂਰ ਵਿਖੇ ਲੱਗੇ ਇਸ ਮੇਲੇ `ਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਦੂਜੇ ਰਾਜਾਂ ਦੀਆਂ ਲੋਕ ਕਲਾਵਾਂ ਤੇ ਰਵਾਇਤੀ ਨਾਚ ਵੇਖਣ ਲਈ ਉਪਲੱਬਧ ਹਨ।
ਇੱਕ ਹੋਰ ਦਰਸ਼ਕ ਦਰਸ਼ਨਾ ਕੌਰ ਨੇ ਦੱਸਿਆ ਕਿ ਸਰਸ ਮੇਲਾ ਮਨੋਰੰਜਨ ਦਾ ਇੱਕ ਵਧੀਆ ਸਾਧਨ ਸਾਬਤ ਹੋਇਆ ਹੈ ਕਿਉਂਕਿ ਇਥੇ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਰਵਾਇਤੀ ਖਾਣੇ ਅਤੇ ਕਾਰੀਗਰਾਂ ਤੇ ਦਸਤਕਾਰਾਂ ਵਲੋਂ ਆਪਣੇ ਹੱਥੀਂ ਬਣਾਈਆਂ ਗਈਆਂ ਵਸਤੂਆਂ ਖਰੀਦਣ ਲਈ ਉਪਲੱਬਧ ਹਨ।ਉਨ੍ਹਾਂ ਨੂੰ ਇਥੇ ਆ ਕੇ ਬਹੁਤ ਚੰਗਾ ਲੱਗਿਆ, ਕਿਉਂਕਿ ਆਮ ਘਰਾਂ `ਚੋਂ ਲਗਭਗ ਅਲੋਪ ਹੋ ਚੁੱਕੀਆਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਚੀਜ਼ਾਂ ਜਿਵੇਂ ਦਰੀਆਂ, ਪੱਖੀਆਂ ਆਦਿ ਵੀ ਇਥੇ ਸੈਲਫ਼ ਹੈਲਪ ਗਰੁੱਪਾਂ ਵਲੋਂ ਵਿਕਰੀ ਲਈ ਰੱਖੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਅਤੇ ਰੰਗਾਂ ਦੇ ਨਾਲ-ਨਾਲ ਰਵਾਇਤੀ ਖਾਣਿਆਂ ਦਾ ਆਨੰਦ ਮਾਣਨ ਲਈ ਸੰਗਰੂਰ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ `ਚ ਜ਼ਰੂਰ ਪਹੁੰਚਣ।

 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …