ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਹਾਸਲ ਕੀਤੀ ਜਾਣਕਾਰੀ – ਪ੍ਰਿੰ: ਗੋਗੋਆਣੀ
ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਦੇ 11 ਰਾਜਾਂ ਤੋਂ 27 ਮੈਂਬਰੀ ਵਫ਼ਦ ਸਿੱਖ ਇਤਿਹਾਸ ਬਾਰੇ ਗਹਿਰੀ ਅਤੇ ਪੁਖਤਾ ਜਾਣਕਾਰੀ ਪ੍ਰਾਪਤ ਕਰਨ ਲਈ ਅੱਜ ਇੱਥੇ ਪਹੁੰਚਿਆ ਹੈ।ਅੱਜ ਇਥੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਗੋਸ਼ਟੀ ਵਿਚ ਮਹਾਂਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ, ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਉਤਰ ਪ੍ਰਦੇਸ਼, ਨਾਗਾਲੈਂਡ, ਜੰਮੂ ਤੇ ਕਸ਼ਮੀਰ ਅਤੇ ਦਿੱਲੀ ਤੋਂ ਆਏ 27 ਮੈਂਬਰੀ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ।
ਵਫ਼ਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਪੁਰਾਤਨ ਅਤੇ ਇਤਿਹਾਸਕ ਵਿੱਦਿਅਕ ਸੰਸਥਾ ਹੈ। ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਾਲਜ ਨਾਲ ਹੀ ਸਬੰਧਿਤ ਉਕਤ ਸਕੂਲ ਹੈ, ਜਿਥੇ ਡਾ: ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਹਨ।ਰਣਜੀਤ ਮਾਸਕੇ ਮਹਾਂਰਾਸ਼ਟਰ, ਸਹਿਜਾਦ ਅਹਿਮਦ ਕਸ਼ਮੀਰ, ਅਸਿੰਬੇ ਨਾਗਾਲੈਂਡ, ਪ੍ਰਤਿਭਾ ਝਾਰਖੰਡ ਅਤੇ ਹੋਰ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ 15 ਸਤੰਬਰ ਤੋਂ ਸ਼ੁਰੂ ਕੀਤੀ ਨੈਤਿਕ ਲੀਡਰਸ਼ਿਪ ਟ੍ਰੇਨਿੰਗ ਜੋ 15 ਦਸੰਬਰ 2023 ਤੱਕ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਇਸੇ ਤਹਿਤ ਵਫ਼ਦ ਦੁਆਰਾ ਭਾਰਤ ਦੀਆਂ ਵੱਖ-ਵੱਖ ਸੂਬਿਆਂ ’ਚ ਜਾ ਕੇ ਉਥੋਂ ਦੇ ਸੱਭਿਆਚਾਰ, ਸੰਸਕ੍ਰਿਤੀ, ਸੁਸਾਇਟੀ ਅਤੇ ਰਾਜਨੀਤੀ ਦੀ ਜਾਣਕਾਰੀ ਹਾਸਲ ਕਰਨਗੇ।ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਵੰਡ ਦੇ ਦੁਖਾਂਤ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ, ਜੋ ਉਸ ਸਮੇਂ ਲੋਕਾਂ ਨੇ ਸੰਤਾਪ ਹੰਡਾਇਆ ਸੀ। ਅਜਿਹੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ ਹੁੰਦੀਆਂ ਹਨ।
ਵਫ਼ਦ ਨੇ ਡਾ. ਗੋਗੋਆਣੀ ਨਾਲ ਵਿਚਾਰ ਗੋਸ਼ਟੀ ਵੀ ਰਚਾਈ।ਵਫ਼ਦ ਦੇ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ’ਚ ਡਾ: ਗੋਗੋਆਣੀ ਨੂੰ ਸਿੱਖ ਫਿਲਾਸਫੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਕਕਾਰਾਂ ਦੀ ਮਹਾਨਤਾ, ਅੰਮ੍ਰਿਤ ਦੀ ਦਾਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸੰਗਤ ਤੇ ਪੰਗਤ, ਸਿੱਖਇਜ਼ਮ ’ਚ ਸਿਰ ਢੱਕਣ ਦੀ ਮਰਿਯਾਦਾ, ਅੰਮ੍ਰਿਤ ਵੇਲੇ ਦੀ ਮਹਾਨਤਾ, ਨਿਤਨੇਮ, ਦਸਤਾਰ ਦੀ ਮਹਾਨਤਾ ਅਤੇ ਔਰਤ ਜਾਤੀ ਦੇ ਸਨਮਾਨ ਬਾਰੇ ਸਵਾਲ ਕੀਤੇ।ਉਨ੍ਹਾਂ ਨੇ ਵਫ਼ਦ ਨੂੰ ਗੁਰਬਾਣੀ ਦੇ ਨਜ਼ਰੀਏ ਅਤੇ ਗੁਰਮਤਿ ਅਨੁਸਾਰ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ।
ਡਾ. ਗੋਗੋਆਣੀ ਨੇ ਕਿਹਾ ਕਿ ਅਸੀਂ ਤਨ ਦੀ ਖੁਰਾਕ ਦਾ ਤਾਂ ਧਿਆਨ ਰੱਖਦੇ ਹਾਂ ਸਾਨੂੰ ਮਨ ਦੀ ਖੁਰਾਕ ਵੀ ਖਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਚੰਗੇ ਵਿਚਾਰ, ਚੰਗੀ ਸੰਗਤ, ਚੰਗਾ ਬੋਲ ਚਾਲ, ਚੰਗਾ ਸਾਹਿਤ ਵੀ ਮਨ ਦੀ ਖੁਰਾਕ ਹੈ।